Nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ 519 ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਵੰਡੇ

ਹੈਲਥ ਤੇ ਵੈਲਨੈਸ ਕੇਂਦਰਾਂ ਨੂੰ ਟੈਲੀ-ਮੈਡੀਸਨ ਨੈੱਟਵਰਕ ਸਿਸਟਮ ਨਾਲ ਜੋੜਿਆ ਜਾਵੇਗਾ: ਸਿੱਧੂ

ਸਿਹਤ ਕੇਂਦਰਾਂ ਵਿੱਚ ਲਗਭਗ 23 ਲੱਖ ਮਰੀਜ਼ਾਂ ਨੂੰ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 519 ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਨਿਯੁਕਤੀ ਵੰਡੇ। ਇਸ ਸਬੰਧੀ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿੱਚ ਨਿਯੁਕਤੀ ਪੱਤਰ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਨਵ-ਨਿਯੁਕਤ ਅਫ਼ਸਰਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਅਤੇ ਹੈਲਥ ਤੇ ਵੈਲਨੈਸ ਕੇਂਦਰਾਂ ਵਿੱਚ ਆਪਣੀ ਜ਼ਿੰਮੇਵਾਰੀਆਂ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਸਰਕਾਰੀ ਸੰਸਥਾਵਾਂ ਵਿੱਚ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਰੀਜ਼ਾਂ ਦਾ ਸਰਕਾਰੀ ਸਿਹਤ ਸੇਵਾਵਾਂ ਪ੍ਰਤੀ ਵਿਸ਼ਵਾਸ ਬਣਿਆ ਰਹੇ।
ਸਿਹਤ ਮੰਤਰੀ ਨੇ ਕਿਹਾ ਕਿ ਅਗਲੇ ਪੜਾਅ ਵਿੱਚ ਹੈਲਥ ਤੇ ਵੈਲਨੈਸ ਕੇਂਦਰਾਂ ਨੂੰ ਆਪਣੀ ਤਰ੍ਹਾਂ ਦੇ ਪਹਿਲੇ ਟੈਲੀ-ਮੈਡੀਸਨ ਨੈੱਟਵਰਕ ਸਿਸਟਮ ਨਾਲ ਜੋੜਿਆ ਜਾਵੇਗਾ। ਜਿਸ ਤੋਂ ਮਰੀਜ਼ਾਂ ਨੂੰ ਮਲਟੀ ਸਪੈਸ਼ਲਿਟੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਮਾਹਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਮਹੀਨੇ ਕੇਂਦਰਾਂ ਵਿੱਚ ਲਗਭਗ 1 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 23 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੜਾਅਵਾਰ ਸਾਰੇ 2650 ਸਬ ਸੈਂਟਰਾਂ ਨੂੰ ਹੈਲਥ ਤੇ ਵੈਲਨੈਸ ਕੇਂਦਰਾਂ ਵਿੱਚ ਤਬਦੀਲ ਕਰਨ ਲਈ 2021 ਦਾ ਟੀਚਾ ਮਿਥਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਿਹਤ ਸਹੂਲਤਾਂ ਪ੍ਰਤੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਇਸ ਲਈ ਸਰਕਾਰ ਵੱਲੋਂ ਵੱਖ-ਵੱਖ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਦੀ ਸ਼ੁਰੂਆਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੈਲਥ ਅਤੇ ਵੈਲਨੈਸ ਕੇਂਦਰਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਦੇ ਨਾਲ ਨਾਲ ਮਲਟੀ-ਪਰਪਜ਼ ਹੈਲਥ ਵਰਕਰਜ਼ ਅਤੇ ਆਸ਼ਾ ਵਰਕਰਜ਼ ਦੀ ਟੀਮ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਸਿਹਤ ਅਫ਼ਸਰਾਂ ਨੂੰ ਇਗਨੋ ਵਿੱਚ 6 ਮਹੀਨੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 861 ਸਬ ਸੈਂਟਰਾਂ ਨੂੰ ਹੈਲਥ ਤੇ ਵੈਲਨੈਸ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ 422 ਕਮਿਊਨਿਟੀ ਹੈਲਥ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਕੋਲ ਇਨ੍ਹਾਂ ਕੇਂਦਰਾਂ ਦਾ ਸੰਚਾਲਨ ਕਰਨ ਲਈ 941 ਕਮਿਊਨਿਟੀ ਹੈਲਥ ਅਫ਼ਸਰ ਮੌਜੂਦ ਹਨ।
ਇਸ ਮੌਕੇ ਸਿਹਤ ਸਕੱਤਰ ਕੁਮਾਰ ਰਾਹੁਲ, ਸਿਹਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਮਨਵੇਸ਼ ਸਿੰਘ ਸਿੱਧੂ, ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਅਵਨੀਤ ਕੌਰ, ਡਾਇਰੈਕਟਰ ਰੀਟਾ ਭਾਰਦਵਾਜ, ਓਐਸਡੀ ਡਾ. ਬਲਵਿੰਦਰ ਸਿੰਘ, ਡਾ. ਅਰੀਤ ਕੌਰ, ਸਿਵਲ ਸਰਜਨ ਮਨਜੀਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…