Nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ 87 ਸਪੈਸ਼ਲਿਸਟ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਸੇਵਾਮੁਕਤ ਡਾਕਟਰਾਂ ਨੂੰ ਮੁੜ ਨਿਯੁਕਤ ਕਰਨ ਲਈ ਨਵੀਂ ਨੀਤੀ ਛੇਤੀ ਲਾਗੂ ਕੀਤੀ ਜਾਵੇਗੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿੱਚ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ 87 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਜਿਨ੍ਹਾਂ ਵਿੱਚ 37 ਅੌਰਤਾਂ ਦੇ ਮਾਹਿਰ ਡਾਕਟਰ, 23 ਬੱਚਿਆਂ ਦੇ ਮਾਹਿਰ ਡਾਕਟਰ, 9 ਮੈਡੀਸਨ ਸਪੈਸ਼ਲਿਸਟ, 10 ਸਰਜਨ, 5 ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤੇ 3 ਡੀ.ਐਨ.ਬੀ ਕੰਸਲਟੈਂਟ ਸ਼ਾਮਿਲ ਹਨ। ਮੰਤਰੀ ਨੇ ਨਵ-ਨਿਯੁਕਤ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਤਰਜੀਹ ਸਿੱਖਿਆ ਤੇ ਸਿਹਤ ਵਿਭਾਗ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਚੱਲਦੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਸਾਲ 2017-18 ਤੋਂ ਹੁਣ ਤੱਕ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ 3100 ਦੇ ਕਰੀਬ ਮੈਡੀਕਲ, ਪੈਰਾ-ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਮਾਹਿਰ ਡਾਕਟਰਾਂ ਦੀ ਤਨਖਾਹ 70 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਪਹਿਲਾਂ ਤੋਂ ਸੇਵਾਵਾਂ ਨਿਭਾ ਰਹੇ ਮਾਹਰ ਡਾਕਟਰਾਂ ਦੀ ਤਨਖ਼ਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਪੰਜਾਬ ਰਾਜ ਦੇ ਕਈ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਮਾਹਿਰ ਡਾਕਟਰਾਂ ਨੂੰ ਸਿਹਤ ਸੇਵਾਵਾਂ ਦੇਣ ਲਈ 20 ਹਜ਼ਾਰ ਰੁਪਏ ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਪੈਸ਼ਲ ਏਰੀਆ ਇੰਨਸੈਨਟਿਵ ਵੀ ਦਿੱਤਾ ਜਾ ਰਿਹਾ ਹੈ ਅਤੇ ਜਿਸਦੇ ਚੱਲਦੇ ਪਹਿਲਾਂ ਨਾਲੋਂ ਵਧੇਰੇ ਮਾਹਿਰ ਡਾਕਟਰਾਂ ਨੇ ਸੂਬੇ ਦੇ ਦੂਰ ਦੁਰਾਡੇ ਦੇ ਖੇਤਰ ਖਾਸ ਤੌਰ ’ਤੇ ਬਾਰਡਰ ਖੇਤਰਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇਣ ਲਈ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਵਧਾਉਣ ਲਈ ਮਾਹਿਰ ਡਾਕਟਰਾਂ ਨੂੰ ਵਿਸ਼ੇਸ਼ ਲਾਭ ਦਿੱਤਾ ਗਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਸੂਬੇ ਦੇ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਤੈਨਾਤੀ ਨੂੰ ਯਕੀਨੀ ਬਨਾਉਣ ਲਈ ਪੰਜਾਬ ਸਰਕਾਰ ਜਲਦ ਰਿਟਾਇਰਡ ਡਾਕਟਰਾਂ ਨੂੰ ਮੁੜ੍ਹ ਨਿਯੁਕਤ ਕਰਨ ਲਈ ਨਵੀਂ ਨੀਤੀ ਲਿਆ ਰਹੀ ਹੈ ਜਿਸ ਤਹਿਤ ਰਿਟਾਇਰਡ ਡਾਕਟਰਾਂ ਨੂੰ ਉਨ੍ਹਾਂ ਦੀ ਅਖੀਰਲੀ ਜਾਰੀ ਤਨਖ਼ਾਹ ਵਿਚੋਂ ਪੈਨਸ਼ਨ ਕੱਟ ਕੇ ਬਣਦੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਜਲਦ ਯਕੀਨੀ ਤੌਰ ’ਤੇ ਪੂਰਾ ਲਰ ਲਿਆ ਜਾਵੇਗਾ।
ਇਸ ਮੌਕੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਤੇ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਅਵਨੀਤ ਕੌਰ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਡਾ. ਰੀਟਾ ਭਾਰਦਵਾਜ, ਓਐਸਡੀ ਡਾ. ਬਲਵਿੰਦਰ ਸਿੰਘ, ਮੈਨੇਜਰ ਐਚਆਰ ਸ੍ਰੀਮਤੀ ਦੀਪ ਸ਼ਿਖਾ ਅਤੇ ਡਾ. ਇੰਦਰਜੀਤ ਸਿੰਘ ਭਾਟੀਆ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …