ਸਿਹਤ ਮੰਤਰੀ ਬਲਬੀਰ ਸਿੱਧੂ ਨੇ ਬਲੌਂਗੀ ਵਿੱਚ ਰੱਖਿਆ ‘ਬਾਲ ਗੋਪਾਲ ਗਊ ਬਸੇਰਾ’ ਦਾ ਨੀਂਹ ਪੱਥਰ

ਬਾਲ ਗੋਪਾਲ ਗਊ ਬਸੇਰਾ ਨੂੰ ਚਲਾਉਣ ਲਈ ਟਰੱਸਟ ਦੀ ਸਥਾਪਨਾ, ਪੰਚਾਇਤ ਨੇ ਲੀਜ਼ ’ਤੇ ਦਿੱਤੀ 10 ਏਕੜ ਜ਼ਮੀਨ

ਲਾਵਾਰਿਸ ਪਸ਼ੂਆਂ ਦੀ ਸੇਵਾ-ਸੰਭਾਲ ਲਈ ਬਲੌਂਗੀ ਦੀ 10 ਏਕੜ ਵਿੱਚ ਬਣੇਗਾ ‘ਬਾਲ ਗੋਪਾਲ ਗਊ ਬਸੇਰਾ’

ਬਾਲ ਗੋਪਾਲ ਗਊ ਬਸੇਰਾ ਦੇ ਭੂਮੀ ਪੂਜਨ ਸਮਾਗਮ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਮੁਹਾਲੀ ਵਾਸੀਆਂ ਨੂੰ ਨੇੜ ਭਵਿੱਖ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਲਾਵਾਰਿਸ ਪਸ਼ੂਆਂ ਦੀ ਸੇਵਾ ਸੰਭਾਲ ਲਈ ਪਿੰਡ ਬਲੌਂਗੀ ਵਿੱਚ ‘ਬਾਲ ਗੋਪਾਲ ਗਊ ਬਸੇਰਾ’ ਨਾਂ ਦੀ ਗਊਸ਼ਾਲਾ ਬਣਾਉਣ ਦਾ ਨੀਂਹ ਰੱਖਿਆ। ਇਸ ਤੋਂ ਪਹਿਲਾਂ ਭੂਮੀ ਪੂਜਨ ਦੀ ਰਸਮ ਨਿਭਾਈ ਗਈ। ਸਮਾਗਮ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ, ਐਸਐਸਪੀ ਸਤਿੰਦਰ ਸਿੰਘ, ਸੁਆਮੀ ਗੁਰਕਿਰਪਾ ਨੰਦ, ਸੁਆਮੀ ਚਿੰਨਮਿਯਾ ਨੰਦ ਕਾਮਧੇਨੁ ਗਊਸ਼ਾਲਾ ਨੂਰਮਹਿਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਗਰਾਮ ਪੰਚਾਇਤ ਬਲੌਂਗੀ ਵੱਲੋਂ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ’ਤੇ ਦਿੱਤੀ ਗਈ ਹੈ। ਬਾਲ ਗੋਪਾਲ ਗਊ ਬਸੇਰਾ ਨੂੰ ਚਲਾਉਣ ਲਈ ਟਰੱਸਟ ਬਣਾਇਆ ਗਿਆ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਮਾਹਰਾਂ ਦੀ ਸਲਾਹ ਨਾਲ ਬਾਲ ਗੋਪਾਲ ਗਊ ਬਸੇਰਾ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕਰਵਾਇਆ ਜਾਵੇਗਾ। ਇੱਥੇ ਸ਼ਹਿਰ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਚੰਗੀ ਨਸਲ ਤੇ ਚੰਗੇ ਪਸ਼ੂਆਂ ਲਈ ਵੱਖਰਾ ਸ਼ੈੱਡ ਅਤੇ ਨਕਾਰਾ ਪਸ਼ੂਆਂ ਲਈ ਵੱਖਰਾ ਸ਼ੈੱਡ ਬਣਾਇਆ ਜਾਵੇਗਾ। ਮਾਹਰਾਂ ਦੀ ਸਲਾਹ ਨਾਲ ਚੰਗਾ ਬ੍ਰੀਡ ਤਿਆਰ ਕਰਵਾਇਆ ਜਾਵੇਗਾ। ਚੰਗੇ ਪਸ਼ੂ ਲੋੜਵੰਦਾਂ ਨੂੰ ਸਹਾਇਕ ਧੰਦਿਆਂ ਲਈ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇੱਥੇ ਆਵਾਰਾ ਕੁੱਤਿਆਂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲ ਗੋਪਾਲ ਗਊ ਬਸੇਰਾ ਦੇ ਨਿਰਮਾਣ ਨਾਲ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਹੀਂ ਰਹੇਗੀ।
ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪਸ਼ੂ ਧਨ ਬੋਲ ਕੇ ਆਪਣੀ ਭੁੱਖ ਪਿਆਸ ਦੁੱਖ ਨਹੀਂ ਦੱਸ ਸਕਦਾ ਹੈ, ਉਨ੍ਹਾਂ ਦੀ ਸੰਭਾਲ ਲਈ ਸ਼ਹਿਰ ਵਾਸੀਆਂ ਵੱਲੋਂ ਟਰੱਸਟ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸਲ ਵਿੱਚ ਇਹ ਸ਼ਹਿਰ ਦੇ ਵਿਕਾਸ ਦੀ ਮੂੰਹੋ ਬੋਲਦੀ ਤਸਵੀਰ ਹੈ। ਇਹ ਪੰਜਾਬ ਵਿੱਚ ਅਜਿਹਾ ਆਪਣੀ ਕਿਸਮ ਦਾ ਗਊ ਬਸੇਰਾ ਬਣੇਗਾ ਕਿ ਹੋਰ ਗਊਸ਼ਾਲਾ ਚਲਾਉਣ ਵਾਲੇ ਵੀ ਇੱਥੋਂ ਸੇਧ ਲੈਣਗੇ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਗਊ ਬਸੇਰਾ ਬਣਨ ਨਾਲ ਜਿੱਥੇ ਲਾਵਾਰਿਸ ਪਸ਼ੂਆਂ ਦੀ ਸੰਭਾਲ ਹੋਵੇਗੀ, ਉੱਥੇ ਪਸ਼ੂਆਂ ਕਾਰਨ ਸੜਕਾਂ ’ਤੇ ਵਾਪਰਦੇ ਹਾਦਸੇ ਵੀ ਘੱਟਣਗੇ। ਸੁਆਮੀ ਚਿੰਨਮਿਯਾ ਨੰਦ ਨੇ ਗਊਆਂ ਦੀ ਸੰਭਾਲ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਵਾਈਸ ਚਾਂਸਲਰ ਡਾ. ਇੰਦਰਜੀਤ ਨੇ ਪਸ਼ੂਆਂ ਦੀ ਨਸਲ ਅਤੇ ਸੰਭਾਲ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਐਸਡੀਐਮ ਜਗਦੀਪ ਸਹਿਗਲ, ਡੀਡੀਪੀਓ ਡੀ.ਕੇ. ਸਾਲਦੀ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਜਨਰਲ ਸਕੱਤਰ ਬਲਜੀਤ ਕੌਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਰਾਜਾ ਕੰਵਰਜੋਤ ਸਿੰਘ, ਪਵਨ ਦਿਵਾਨ, ਬਹਾਦਰ ਸਿੰਘ ਸਰਪੰਚ ਬਲੌਂਗੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…