ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੈਰਿਜ ਪੈਲੇਸ ਨੁਮਾ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਦੇ ਮੱਦੇਨਜ਼ਰ ਬਹੁਤ ਹੀ ਸਾਦਾ ਸਮਾਗਮ ਕੀਤਾ ਆਯੋਜਿਤ

ਪੰਜ ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ ਵਿੱਚ ਬਣੇਗਾ ਆਲੀਸ਼ਾਨ ਕਮਿਊਨਿਟੀ ਸੈਂਟਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਇੱਥੋਂ ਦੇ ਫੇਜ਼-3ਬੀ1 ਵਿੱਚ ਅਤਿ-ਆਧੁਨਿਕ ਮੈਰਿਜ ਪੈਲੇਸ ਨੁਮਾ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਦੇ ਮੱਦੇਨਜ਼ਰ ਪ੍ਰਬੰਧਕਾਂ ਵੱਲੋਂ ਬਹੁਤ ਹੀ ਸਾਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਪੁਰਾਣੇ ਕਮਿਊਨਿਟੀ ਸੈਂਟਰ ਜ਼ਿਲ੍ਹਾ ਅਦਾਲਤ ਦੇ ਕਬਜ਼ੇ ਹੇਠ ਸੀ। ਜਿਸ ਨੂੰ ਆਰਟੀਆਈ ਕਾਰਕੁਨ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਉਕਤ ਇਮਾਰਤ ਨੂੰ ਅਦਾਲਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਕਮਿਊਨਿਟੀ ਸੈਂਟਰ ਦੀ ਉਸਾਰੀ ’ਤੇ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ। ਚੰਡੀਗੜ੍ਹ ਦੇ ਆਲੀਸ਼ਾਨ ਹੋਟਲਾਂ ਦੀ ਤਰਜ਼ ’ਤੇ ਬਣਾਇਆ ਜਾ ਰਿਹਾ ਇਹ ਕਮਿਊਨਿਟੀ ਸੈਂਟਰ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਅਤੇ ਸਾਊਂਡ ਪਰੂਫ਼ ਹੋਵੇਗਾ। ਇੱਥੇ ਲਿਫ਼ਟ ਦੀ ਵੀ ਵਿਵਸਥਾ ਕੀਤੀ ਜਾਵੇਗੀ। ਬੇਸਮੈਂਟ ਅਤੇ ਗਰਾਊਂਡ ਫਲੋਰ ’ਤੇ ਫੰਕਸ਼ਨ ਹਾਲ ਬਣਾਏ ਜਾਣਗੇ ਅਤੇ ਹਰਿਆ-ਭਰਿਆ ਲਾਅਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਦੱਸਿਆ ਕਿ ਆਵਾਜਾਈ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਖੁੱਲ੍ਹਾ-ਡੁੱਲਾ ਪਾਰਕਿੰਗ ਏਰੀਆ ਬਣਾਇਆ ਜਾ ਰਿਹਾ ਹੈ ਅਤੇ ਅੰਗਹੀਣ ਵਿਅਕਤੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਰੈਂਪ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਿਹਤ ਮੰਤਰੀ ਸੀ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਲੋਕ ਵਿਆਹ-ਸ਼ਾਦੀਆਂ, ਭੋਗ ਤੇ ਹੋਰ ਸਮਾਗਮ ਇਸ ਸੈਂਟਰ ਵਿੱਚ ਕਰ ਸਕਣਗੇ। ਲੋਕਾਂ ਦੀ ਪੁਰਾਣੀ ਮੰਗ ਸੀ ਕਿ ਇਸ ਕਮਿਊਨਿਟੀ ਸੈਂਟਰ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਇਆ ਜਾਵੇ। ਇਸ ਸਬੰਧੀ ਨਗਰ ਨਿਗਮ ਵੱਲੋਂ ਪਾਸ ਮਤੇ ਅਨੁਸਾਰ ਫੰਡ ਮਨਜ਼ੂਰ ਕਰਵਾਏ ਗਏ ਸਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸਸੀ ਮੁਕੇਸ਼ ਗਰਗ, ਕੁਲਜੀਤ ਸਿੰਘ ਬੇਦੀ, ਤਰਨਜੀਤ ਕੌਰ ਗਿੱਲ ਅਤੇ ਜਸਵੀਰ ਸਿੰਘ ਮਣੂਕ (ਸਾਰੇ ਸਾਬਕਾ ਕੌਂਸਲਰ), ਸੀਨੀਅਰ ਆਗੂ ਜੀਐਸ ਰਿਆੜ, ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਜਸਪਾਲ ਸਿੰਘ ਟਿਵਾਣਾ, ਨਵਨੀਤ ਸਿੰਘ ਤੋਖੀ, ਗੁਰਵੀਰ ਸਿੰਘ ਗਿੱਲ, ਜਤਿੰਦਰ ਸਿੰਘ ਭੱਟੀ, ਰੁਪਿੰਦਰ ਕੌਰ ਰੀਨਾ, ਆਈਡੀ ਸਿੰਘ, ਪਰਮਜੀਤ ਸਿੰਘ ਮਾਵੀ, ਆਸ਼ੂ ਵੈਦ, ਕਮਲਪ੍ਰੀਤ ਸਿੰਘ ਬਨੀ, ਸਤੀਸ਼ ਸ਼ਾਰਦਾ, ਐਕਸੀਅਨ ਹਰਪ੍ਰੀਤ ਸਿੰਘ ਤੇ ਰਾਜਵੀਰ ਸਿੰਘ, ਸਤੀਸ਼ ਸੈਣੀ, ਐਸਡੀਓ ਸੁਖਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …