nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਗਤਪੁਰਾ ਵਿੱਚ ਛੋਟੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ

ਪੰਜਾਬ ਵਿੱਚ 33 ਲੱਖ ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੰੂਦਾਂ: ਸਿੱਧੂ

ਪੰਜਾਬ ਵਿੱਚ ਸਾਲ 2009 ਤੋਂ ਪੋਲੀਓ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਨੇੜਲੇ ਪਿੰਡ ਜਗਤਪੁਰਾ ਵਿੱਚ ਛੋਟੇ ਬੱਚਿਆਂ ਨੂੰ ਪੋਲਿਓ ਦੀ ਖੁਰਾਕ ਦੇ ਕੇ ਤਿੰਨ ਰੋਜ਼ਾ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨਆਈਡੀ)’ ਮੁਹਿੰਮ ਤਹਿਤ 5 ਸਾਲ ਤੋਂ ਘੱਟ ਉਮਰ ਦੇ 33 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੋਲਿਓ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਫਿਰ ਵੀ ਸਾਨੂੰ ਚੌਕੰਨਾ ਰਹਿਣ ਦੀ ਸਖ਼ਤ ਲੋੜ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਭਾਵੇਂ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ ਪਰ ਦੇਸ਼ ’ਚੋਂ ਪੋਲੀਓ ਦੇ ਸੰਪੂਰਨ ਖਾਤਮੇ ਲਈ ਟੀਕਾਕਰਨ ਲਾਜ਼ਮੀ ਹੈ। ਪੋਲੀਓ ਦਾ ਆਖਰੀ ਕੇਸ ਸਾਲ 2011 ਦੌਰਾਨ ਪੱਛਮੀ ਬੰਗਾਲ ਵਿੱਚ ਸਾਹਮਣੇ ਆਇਆ ਸੀ। ਸਾਲ 2009 ਤੋਂ ਪੰਜਾਬ ਵਿੱਚ ਪੋਲੀਓ ਦਾ ਕੋਈ ਕੇਸ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਪੋਲੀਓ ਟੀਕਾਕਰਨ ਤੋਂ ਇਲਾਵਾ ਸਰਕਾਰ ਵੱਲੋਂ ਨਵਜੰਮੇ ਬੱਚਿਆਂ ਨੂੰ ਟੀਵੀ, ਹੈਪੇਟਾਈਟਸ ਬੀ, ਡਿਫਥੀਰੀਆ, ਪਰਟੂਸਿਸ, ਟੈਟਨਸ, ਹੋਮੋਫਾਈਲਸ ਇਨਫਲੂਐਂਜ਼ਾ ਬੀ, ਖਸਰਾ, ਰੁਬੇਲਾ ਅਤੇ ਰੋਟਾਵਾਇਰਸ ਦਸਤ ਦੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਨੇ ਬੱਚਿਆਂ ਦੀ ਮੌਤ ਦਰ ਨੂੰ ਵੱਡੇ ਪੱਧਰ ’ਤੇ ਘਟਾਉਣ ਵਿੱਚ ਸਹਾਇਤਾ ਕੀਤੀ ਹੈ। ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਹੁੰਦਾ ਹੈ ਉਹ ਅਕਸਰ ਘੱਟ ਬਿਮਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਕੁਪੋਸ਼ਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਸਿਹਤ ਮੰਤਰੀ ਨੇ ਪੰਜਾਬ ਨੂੰ ਪੋਲੀਓ ਮੁਕਤ ਬਣਾਈ ਰੱਖਣ ਲਈ ਅਣਥੱਕ ਕਾਰਜਾਂ ਲਈ ਹਜ਼ਾਰਾਂ ਵਲੰਟੀਅਰਾਂ, ਫਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਭਾਵੇਂ ਉਹ ਬੱਚਾ ਕੁਝ ਘੰਟੇ ਪਹਿਲਾਂ ਜੰਮਿਆ ਹੈ ਜਾਂ ਖੰਘ, ਜ਼ੁਕਾਮ, ਬੁਖਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਦਾ ਇਨ੍ਹਾਂ ਬਿਮਾਰੀਆਂ ਵਿੱਚ ਕੋਈ ਨੁਕਸਾਨ ਨਹੀਂ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਟੀਕਾਕਰਨ ਪ੍ਰੋਗਰਾਮ ਅਧੀਨ ਛੋਟੇ ਬੱਚਿਆਂ ਨੂੰ ਲੋੜੀਂਦੇ ਸਾਰੇ ਟੀਕੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 50 ਹਜ਼ਾਰ ਤੋਂ ਵੱਧ ਸਿਹਤ ਕਰਮਚਾਰੀ, ਆਂਗਨਵਾੜੀ ਵਰਕਰ, ਨਰਸਿੰਗ ਵਿਦਿਆਰਥੀ ਅਤੇ ਵਲੰਟੀਅਰ ਬੱਚਿਆਂ ਨੂੰ ਟੀਕੇ ਲਗਾਉਣ ਲਈ ਘਰਾਂ, ਝੁੱਗੀਆਂ, ਇੱਟਾਂ ਦੇ ਭੱਠਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ ਦਾ ਦੌਰਾ ਕਰਨਗੇ। ਜਦੋਂਕਿ ਇਸ ਟੀਕਾਕਰਨ ਪ੍ਰੋਗਰਾਮ ਦੀ ਨਿਗਰਾਨੀ ਅਤੇ ਹਰੇਕ ਬੱਚੇ ਦੇ ਟੀਕਾ ਲਗਾਏ ਜਾਣ ਨੂੰ ਯਕੀਨੀ ਬਣਾਉਣ ਲਈ ਕੁਲ 2668 ਸੁਪਰਵਾਈਜ਼ਰ ਅਚਨਚੇਤ ਜਾਂਚ ਲਈ ਲਗਾਏ ਜਾਣਗੇ।
ਇਸ ਮੌਕੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਰੀਟਾ ਭਾਰਦਵਾਜ, ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ, ਰਾਜ ਟੀਕਾਕਰਨ ਅਫ਼ਸਰ ਡਾ. ਜੀਬੀ ਸਿੰਘ, ਸੀਨੀਅਰ ਕਾਂਗਰਸ ਆਗੂ ਰਣਜੀਤ ਸਿੰਘ ਰਾਣਾ, ਡਾ. ਵੀਨਾ ਜਰੇਵਾਲ, ਡਾ. ਐਸ ਸ੍ਰੀਨਿਵਾਸਨ, ਡਾ. ਵਿਕਰਮ ਗੁਪਤਾ, ਸਟੇਟ ਐਸਐਮਓ, ਡਬਲਯੂਐਚਓ, ਡਾ. ਦਲਜੀਤ ਸਿੰਘ, ਐਸਐਮਓ ਡਾ. ਕੁਲਜੀਤ ਕੌਰ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…