ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਨਗਰ ਨਿਗਮ ਨੂੰ 10 ਕਰੋੜ ਰੁਪਏ ਦੀ ਗਰਾਂਟ ਸੌਂਪੀ

ਨਗਰ ਨਿਗਮ ਦੀ ਨਵੀਂ ਟੀਮ ਨੂੰ ਵਿਕਾਸ ਕਾਰਜਾਂ ਲਈ 65 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਮੁਹਾਲੀ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਨਗਰ ਨਿਗਮ ਨੂੰ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ 10 ਕਰੋੜ ਦੀ ਗਰਾਂਟ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਲੇਬਰਫੈਡ ਵਾਇਸ ਚੇਅਰਮੈਨ ਮੋਹਨ ਸਿੰਘ ਬਠਲਾਣਾ ਮੌਜੂਦ ਸਨ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਕੋਵਿਡ ਸੰਕਟ ਦੇ ਬਾਵਜੂਦ ਮੁਹਾਲੀ ਨਿਗਮ ਦੀ ਨਵੀਂ ਟੀਮ ਨੂੰ 65 ਕਰੋੜ ਦੇ ਫੰਡ ਮੁਹੱਈਆ ਕਰਵਾਏ ਗਏ ਹਨ। ਇਸ ਸਮੇਂ ਨਗਰ ਨਿਗਮ ਵੱਲੋਂ 16.38 ਕਰੋੜ ਦੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ’ਚੋਂ ਚਾਰ ਦਹਾਕੇ ਪੁਰਾਣੀ ਸੀਵਰੇਜ ਪਾਈਪਲਾਈਨ ਬਦਲ ਕੇ ਨਵੇਂ ਸਿਰਿਓਂ ਸੀਵਰੇਜ ਪਾਉਣ ਕਾਰਨ ਪੁੱਟੀ ਮੁੱਖ ਸੜਕ ਨੂੰ ਨਵੇਂ ਸਿਰਿਓਂ ਬਣਾਉਣ ਲਈ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਦੋਂਕਿ ਵਿੱਤ ਤੇ ਠੇਕਾ ਕਮੇਟੀ ਨੇ 22.79 ਕਰੋੜ ਦੇ ਵੱਖ-ਵੱਖ ਵਿਕਾਸ ਕੰਮ ਪਾਸ ਕੀਤੇ ਗਏ ਹਨ। ਇਨ੍ਹਾਂ ਸਾਰੇ ਕੰਮਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਅਗਲੇ ਹਫ਼ਤੇ ਕੰਮ ਸ਼ੁਰੂ ਹੋ ਜਾਣਗੇ। ਮੰਤਰੀ ਨੇ ਇਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਜਨ ਸਿਹਤ ਵਿਭਾਗ ਦਾ ਸਾਰਾ ਕੰਮ ਨਗਰ ਨਿਗਮ ਅਧੀਨ ਲਿਆ ਜਾਵੇਗਾ ਅਤੇ ਸਿੰਗਲ ਵਿੰਡੋ ’ਤੇ ਲੋਕਾਂ ਦੇ ਸਾਰੇ ਕੰਮ ਹੋਣਗੇ।
ਉਨ੍ਹਾਂ ਦੱਸਿਆ ਕਿ ਸਨਅਤੀ ਖੇਤਰ ਫੇਜ਼-8ਏ, 8ਬੀ ਅਤੇ ਸੈਕਟਰ-74 ਨੂੰ ਨਗਰ ਨਿਗਮ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਇਸ ਖੇਤਰ ਦੇ ਰੱਖ-ਰਖਾਓ ਲਈ ਪੀਐੱਸਆਈਸੀ ਵੱਲੋਂ 2.5 ਕਰੋੜ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਨੂੰ ਪੰਚਕੂਲਾ ਅਤੇ ਚੰਡੀਗੜ੍ਹ ਤੋਂ ਵੀ ਵਧੀਆ ਵਿਕਸਤ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਨਗਰ ਨਿਗਮ ਨੇ ਬਿਜਲੀ ਬੋਰਡ ਤੋਂ ਬਿਜਲੀ ਚੁੰਗੀ ਦੇ 30 ਕਰੋੜ ਲੈਣੇ ਹਨ। ਇਸ ਸਬੰਧੀ ਉਨ੍ਹਾਂ ਦੀ ਪਾਵਰਕੌਮ ਦੇ ਚੇਅਰਮੈਨ ਨਾਲ ਗੱਲ ਹੋ ਚੁੱਕੀ ਹੈ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਲਗਪਗ 25 ਕਰੋੜ ਰੁਪਏ ਨਗਰ ਨਿਗਮ ਨੂੰ ਮਿਲ ਜਾਣਗੇ। ਇਸ ਤੋਂ ਇਲਾਵਾ ਬਾਕੀ ਵਿਭਾਗਾਂ ਤੋਂ ਵੀ ਪ੍ਰਾਪਰਟੀ ਟੈਕਸ ਦੇ ਬਕਾਏ ਵਸੂਲਣ ਲਈ ਪੈਰਵਾਈ ਕੀਤੀ ਜਾਵੇਗੀ।

ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਛੱਤਰ ਛਾਇਆ ਅਤੇ ਯੋਗ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਵੱਲੋਂ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਿਆ ਜਾਂਦਾ ਰਹੇਗਾ ਅਤੇ ਮੁਹਾਲੀ ਦੇ ਵਸਨੀਕਾਂ ਦੀ ਸਲਾਹ ਅਤੇ ਸੁਝਾਵਾਂ ਅਤੇ ਵੱਖ ਵੱਖ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …