Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੀਆਂ 14 ਸੰਸਥਾਵਾਂ ਦਾ ਸਨਮਾਨ 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ 17 ਪੁਰਸ਼, 10 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੀਆਂ 24 ਅੌਰਤਾਂ ਨੂੰ ਕੀਤਾ ਸਨਮਾਨਿਤ ਕਿਸਾਨ ਵਿਕਾਸ ਚੈਂਬਰ ਮੁਹਾਲੀ ਵਿੱਚ ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ’ਤੇ ਰਾਜ ਪੱਧਰੀ ਸਮਾਰੋਹ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ: ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ’ਤੇ ਇੱਥੋਂ ਦੇ ਕਿਸਾਨ ਵਿਕਾਸ ਚੈਂਬਰ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੀਆਂ 14 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਪਿਛਲੇ ਸਾਲ 2 ਹਜ਼ਾਰ ਤੋਂ ਵੱਧ ਖੂਨ ਯੂਨਿਟਾਂ ਦਾ ਪ੍ਰਬੰਧ ਕਰਕੇ ਬਲੱਡ ਬੈਂਕਾਂ ਨੂੰ ਮੁਹੱਈਆ ਕਰਵਾਇਆ ਹੈ। ਇਸ ਮੌਕੇ 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ 17 ਪੁਰਸ਼ਾਂ, 10 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੀਆਂ 24 ਅੌਰਤਾਂ ਸਮੇਤ 6 ਬਲੱਡ ਬੈਂਕਾਂ, 1 ਮੈਡੀਕਲ ਕਾਲਜ ਅਤੇ 6 ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਸਿੱਧੂ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2020 ਨੂੰ ‘ਆਓ ਖੂਨਦਾਨ ਕਰੀਏ ਅਤੇ ਕਰੋਨਾ ਖ਼ਿਲਾਫ਼ ਜੰਗ ਵਿੱਚ ਯੋਗਦਾਨ ਪਾਈਏ’ ਵਿਸ਼ੇ ਹੇਠ ਮਨਾਇਆ ਜਾ ਰਿਹਾ ਹੈ। ਕਰੋਨਾ ਮਹਾਮਾਰੀ ਦੀ ਮੁਸ਼ਕਲ ਘੜੀ ਵਿੱਚ ਖੂਨਦਾਨੀਆਂ ਨੇ ਖੂਨ ਦੀ ਘਾਟ ਨਹੀਂ ਆਉਣ ਦਿੱਤੀ ਅਤੇ ਲੋਕਡਾਊਨ ਦੌਰਾਨ ਵੀ ਸਰਕਾਰ ਦੇ ਸਹਿਯੋਗ ਨਾਲ ਖੂਨਦਾਨ ਕਰਦੇ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਖੂਨ ਦੀ ਮੁਫ਼ਤ ਸੁਵਿਧਾ ਉਪਲਬੱਧ ਕਰਵਾਈ ਗਈ ਹੈ। ਲੋਕਾਂ ਦੀ ਸੁਵਿਧਾ ਲਈ ਪੰਜਾਬ ਵਿੱਚ 132 ਲਾਈਸੈਂਸਡ ਬਲੱਡ ਬੈਂਕ ਹਨ। ਜਿਨ੍ਹਾਂ ’ਚੋਂ 46 ਸਰਕਾਰੀ, 6 ਮਿਲਟਰੀ ਅਤੇ 80 ਪ੍ਰਾਈਵੇਟ ਹਸਪਤਾਲਾਂ ਅਤੇ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ 90 ਬਲੱਡ ਬੈਂਕਾਂ ਵਿੱਚ ਬਲੱਡ ਕੰਪੋਨੈਂਟ ਸੈਪਰੈਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਸਹੂਲਤ ਨਾਲ ਦਾਨ ਕੀਤੇ ਇਕ ਯੂਨਿਟ ਖੂਨ ਨਾਲ ਚਾਰ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਅਮਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਟੀਚੇ ਤੋਂ ਵੀ ਵੱਧ ਯੂਨਿਟ ਖੂਨ ਇਕੱਠਾ ਕੀਤਾ ਜਾਂਦਾ ਹੈ। ਸਾਲ 2019-20 ਵਿੱਚ ਖੂਨਦਾਨੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਬਲੱਡ ਬੈਂਕਾਂ ਦੇ ਸਹਿਯੋਗ ਨਾਲ 4,34,795 ਬਲੱਡ ਯੂਨਿਟ ਇਕੱਠੇ ਕੀਤੇ ਗਏ। ਹਾਲਾਂਕਿ ਸਰਕਾਰੀ ਬਲੱਡ ਬੈਂਕਾਂ ਦਾ 1,80,000 ਬਲੱਡ ਯੂਨਿਟ ਖੂਨ ਇਕੱਠਾ ਕਰਨ ਦਾ ਟੀਚਾ ਸੀ। ਜਦੋਂਕਿ ਪੰਜਾਬ ਵਿੱਚ 2,26,749 ਬਲੱਡ ਯੂਨਿਟ ਇਕੱਠਾ ਕੀਤਾ ਗਿਆ। ਸੁਸਾਇਟੀ ਦੀ ਵਧੀਕ ਪ੍ਰਾਜੈਕਟ ਡਾਇਰੈਕਟਰ ਡਾ. ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਸੁਰੱਖਿਅਤ ਖੂਨ ਚੜ੍ਹਾਉਣਾ ਭਾਰਤ ਵਿੱਚ ਕਾਨੂੰਨੀ ਸੁਰੱਖਿਆ ਦਾਇਰੇ ਵਿੱਚ ਆਉਂਦਾ ਹੈ। ਨੈਸ਼ਨਲ ਬਲੱਡ ਨੀਤੀ ਅਨੁਸਾਰ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਐਚਆਈਵੀ, ਹੈਪੇਟਾਈਟਿਸ-ਬੀ ਤੇ ਸੀ, ਸਿਫਲਿਸ ਅਤੇ ਮਲੇਰੀਆ ਦੀ ਜਾਂਚ ਕੀਤੀ ਜਾਂਦੀ ਹੈ। ਮੰਚ ਸੰਚਾਲਨ ਪ੍ਰੋਗਰਾਮ ਅਫ਼ਸਰ ਸ਼ਵਿੰਦਰ ਸਿੰਘ ਸਹਿਦੇਵ ਨੇ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਏਡੀਸੀ (ਡੀ) ਰਾਜੀਵ ਗੁਪਤਾ, ਐਸਡੀਐਮ ਜਗਦੀਪ ਸਹਿਗਲ, ਸੰਯੁਕਤ ਡਾਇਰੈਕਟਰ ਡਾ. ਸੁਨੀਤਾ ਦੇਵੀ, ਸੰਯੁਕਤ ਡਾਇਰੈਕਟਰ ਡਾ. ਵਿਨੈ ਮੋਹਨ, ਡਿਪਟੀ ਡਾਇਰੈਕਟਰ ਡਾ. ਬੌਬੀ ਗੁਲਾਟੀ, ਸੰਯੁਕਤ ਡਾਇਰੈਕਟਰ ਸ੍ਰੀਮਤੀ ਪਵਨ ਰੇਖਾ ਬੇਰੀ ਅਤੇ ਡਾ. ਮੀਨੂ ਤੇ ਹੋਰ ਅਧਿਕਾਰੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ