
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸੋਹਾਣਾ ਵਿੱਚ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਇੱਥੋਂ ਦੇ ਇਤਿਹਾਸਕ ਨਗਰ ਪਿੰਡ ਸੋਹਾਣਾ ਵਿੱਚ ਸਰਕਾਰੀ ਡਿਸਪੈਂਸਰੀ ਦੀ ਨਵੇਂ ਸਿਰਿਓਂ ਉਸਾਰੀ ਸਬੰਧੀ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਸਿਹਤ ਸੰਭਾਲ ਸਬੰਧੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸੂਬਾ ਸਰਕਾਰ ਤਰਜੀਹੀ ਆਧਾਰ ’ਤੇ ਕੰਮ ਕਰ ਰਹੀ ਹੈ ਕਿਉਂਕਿ ਪੂਰੀ ਦੁਨੀਆ ਵਿੱਚ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਲਈ ਕਰੋਨਾ ਨਾਲ ਨਜਿੱਠਣ ਲਈ ਮਜ਼ਬੂਤ ਸਿਹਤ ਸੰਭਾਲ ਦੀ ਸਖ਼ਤ ਲੋੜ ਹੈ। ਮੰਤਰੀ ਨੇ ਕਿਹਾ ਕਿ 40 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਛੇ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਅਤੇ ਇੱਥੇ ਨਗਰ ਨਿਵਾਸੀਆਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸੇ ਖੇਤਰ ਵਿੱਚ 2.50 ਲੱਖ ਦੀ ਲਾਗਤ ਨਾਲ ਇਕ ਕਮਿਊਨਿਟੀ ਸੈਂਟਰ ਵੀ ਤਿਆਰ ਕੀਤਾ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਮੁਹਾਲੀ ਵਿੱਚ ਸ਼ਹਿਰੀ ਬੁਨਿਆਦੀ ਢਾਂਚਾ ਅਤੇ ਸੁੰਦਰੀਕਰਨ ’ਤੇ 10 ਕਰੋੜ ਖ਼ਰਚੇ ਜਾਣਗੇ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਐਸਈ ਮੁਕੇਸ਼ ਗਰਗ, ਕਾਂਗਰਸ ਆਗੂ ਠੇਕੇਦਾਰ ਮੋਹਨ ਸਿੰਘ ਬਠਲਾਣਾ, ਹਰਜੀਤ ਸਿੰਘ ਘੋਲੂ, ਬੂਟਾ ਸਿੰਘ ਸੋਹਾਣਾ, ਸੁਸ਼ੀਲ ਅੱਤਰੀ ਅਤੇ ਸੌਰਵ ਸ਼ਰਮਾ ਵੀ ਹਾਜ਼ਰ ਸਨ।