ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਮੁਨਾਫ਼ਾ ਵੰਡਿਆ

ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਆਮ ਲੋਕਾਂ ਦਾ ਜਿਊਣਾ ਹੋ ਜਾਵੇਗਾ ਮੁਸ਼ਕਲ: ਸਿੱਧੂ

ਵੇਰਕਾ ਦੇ ਉਤਪਾਦਨਾਂ ਦੀ ਗੁਣਵੱਤਾ ਅਨੁਸਾਰ ਮਾਰਕੀਟਿੰਗ ’ਚ ਵਾਧਾ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਵੇਰਕਾ ਮਿਲਕ ਪਲਾਂਟ ਦੇ ਉਤਪਾਦਨਾਂ ਦੀ ਗੁਣਵੱਤਾ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਇਸ ਦੀ ਮਾਰਕੀਟਿੰਗ ਦਾ ਦਾਇਰਾ ਘੱਟ ਹੋਣ ਕਰਕੇ ਇਸ ਦੀ ਪਹੁੰਚ ਆਮ ਲੋਕਾਂ ਤੱਕ ਵੱਡੀ ਮਿਕਦਾਰ ਵਿੱਚ ਨਹੀਂ ਹੋ ਰਹੀ। ਲਿਹਾਜ਼ਾ ਵੇਰਕਾ ਦੇ ਉਤਪਾਦਨਾਂ ਦੀ ਗੁਣਵੱਤਾ ਅਨੁਸਾਰ ਮਾਰਕੀਟਿੰਗ ’ਚ ਵਾਧਾ ਕਰਨ ਦੀ ਸਖ਼ਤ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੇਰਕਾ ਮੁਹਾਲੀ ਡੇਅਰੀ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਮੁਨਾਫ਼ਾ ਵੰਡਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਵੇਰਕਾ ਡੇਅਰੀ ਦੇ ਉਤਪਾਦਨਾਂ ਦੀ ਮਾਰਕੀਟਿੰਗ ਵਿੱਚ ਵਾਧਾ ਕਰਨ ਲਈ ਮਾਰਕੀਟਿੰਗ ਕੰਪਨੀਆਂ ਦਾ ਸਹਿਯੋਗ ਲਿਆ ਜਾਵੇ ਅਤੇ ਇਸ ਦੇ ਪ੍ਰੋਡੈਕਟ ਦੇਸ਼ ਦੀ ਰਾਜਧਾਨੀ ਸਮੇਤ ਵੱਡੇ ਸ਼ਹਿਰਾਂ ਤੱਕ ਪੁੱਜਦੇ ਕੀਤੇ ਜਾਣ ਤਾਂ ਜੋ ਕਿਸਾਨਾਂ ਦੀ ਖੇਤੀਬਾੜੀ ਦੇ ਨਾਲ ਮਿਲਦੇ ਜੁਲਦੇ ਇਸ ਸਹਾਇਕ ਧੰਦੇ ਦਾ ਕਿਸਾਨਾਂ ਨੂੰ ਹੋਰ ਵੱਧ ਲਾਭ ਮਿਲ ਸਕੇ ਅਤੇ ਇਸ ਧੰਦੇ ਨਾਲ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਸੂਬੇ ਦੇ ਲੋਕ ਬਹੁਤ ਉੱਦਮੀ, ਇਮਾਨਦਾਰ ਅਤੇ ਦਲੇਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਸਹਿਕਾਰਤਾ ਲਹਿਰ ਵਿੱਚ ਨੇਕਨੀਤੀ ਅਤੇ ਇਮਾਨਦਾਰੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਬਰੀ ਥੋਪੇ ਜਾ ਰਹੇ ਤਿੰਨ ਕਾਲੇ ਕਾਨੂੰਨਾਂ ਨਾਲ ਜਿੱਥੇ ਕਿਸਾਨੀ ਤਬਾਹ ਹੋ ਜਾਵੇਗੀ, ਉੱਥੇ ਆਮ ਲੋਕਾਂ ਦਾ ਜਿਊਣਾ ਵੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬ ਕਾਂਗਰਸ ਇਸ ਅੌਖੀ ਘੜੀ ਵਿੱਚ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕਾਲੇ ਕਾਨੂੰਨਾਂ ਤੋਂ ਬਾਅਦ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਐਫ਼ਸੀਆਈ ਦਾ ਖਾਤਮਾ ਕੀਤਾ ਜਾਵੇਗਾ। ਜਿਸ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਚੱਲੀ ਆ ਰਹੀ ਅਤੇ ਲਾਹੇਵੰਦ ਸਾਬਤ ਹੋਈ ਖਰੀਦ ਅਤੇ ਮੰਡੀਕਰਨ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਐਮਐਸਪੀ ਦੇ ਅੰਤ ਨਾਲ ਕਣਕ ਵੀ ਮੱਕੀ ਵਾਂਗ ਵਿਕੇਗੀ, ਭਾਵ ਇਸ ਦੀਆਂ ਕੀਮਤਾਂ ਐਮਐਸਪੀ ਤੋਂ ਕਾਫ਼ੀ ਘੱਟ ਹੋਣਗੀਆਂ।
ਇਸ ਤੋਂ ਪਹਿਲਾਂ ਮਿਲਕ ਯੂਨੀਅਨ ਰੂਪਨਗਰ ਦੇ ਚੇਅਰਮੈਨ ਮੋਹਣ ਸਿੰਘ ਡੂੰਮੇਵਾਲ ਨੇ ਦੱਸਿਆ ਕਿ ਜਦ ਤੋਂ ਪੰਜਾਬ ਵਿੱਚ ਸਹਿਕਾਰਤਾ ਅਧੀਨ ਦੁੱਧ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ ਵੱਖ-ਵੱਖ ਸਭਾਵਾਂ ਨਾਲ ਜੁੜੇ ਮੈਂਬਰਾਂ ਦੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਵੇਰਕਾ ਮੁਹਾਲੀ ਡੇਅਰੀ ਨਾਲ ਜੁੜੀਆਂ ਲਗਪਗ 1293 ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਮੁਨਾਫ਼ੇ ਵਿੱਚ ਚਲ ਰਹੀਆਂ ਹਨ ਅਤੇ ਹਰ ਸਾਲ ਮੈਂਬਰਾਂ ਨੂੰ ਮੁਨਾਫ਼ਾ ਵੰਡ ਰਹੀਆਂ ਹਨ। ਇਸ ਮੌਕੇ ਵਾਇਸ ਚੇਅਰਮੈਨ ਸ੍ਰੀਮਤੀ ਪਰਮਜੀਤ ਕੌਰ ਚੱਕਲ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਡਿਪਟੀ ਰਜਿਸਟਰਾਰ ਸੁਚਰੀਤ ਕੌਰ ਚੀਮਾ, ਬੋਰਡ ਆਫ਼ ਡਾਇਰੈਕਟਰਜ਼ ਭਗਵੰਤ ਸਿੰਘ ਗੀਗੇਮਾਜਰਾ, ਸੁਰਿੰਦਰ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਜਸਪਾਲ ਸਿੰਘ, ਹਰਕੀਤ ਸਿੰਘ, ਵੇਰਕਾ ਮਿਲਕ ਡੇਅਰੀ ਦੇ ਅਧਿਕਾਰੀ ਅਤੇ ਦੁੱਧ ਸਹਿਕਾਰੀ ਸਭਾਵਾਂ ਦੇ ਅਹੁਦੇਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…