
ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਮੁਹਾਲੀ ਵਿੱਚ ‘ਸਮਾਰਟ ਰਾਸ਼ਨ ਕਾਰਡ’ ਵੰਡ ਦੀ ਸ਼ੁਰੂਆਤ
ਸਮਾਰਟ ਰਾਸ਼ਨ ਕਾਰਡਾਂ ਨਾਲ ਲੋੜਵੰਦਾਂ ਨੂੰ ਅਨਾਜ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣ ’ਤੇ ਜ਼ੋਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੌਮੀ ਖੁਰਾਕ ਸੁਰੱਖਿਆ ਐਕਟ (ਐੱਨਐੱਫ਼ਐੱਸਏ) ਅਧੀਨ ਲੋੜਵੰਦ ਪਰਿਵਾਰਾਂ ਨੂੰ ‘ਸਮਾਰਟ ਰਾਸ਼ਨ ਕਾਰਡ ਅਤੇ ਅਨਾਜ’ ਵੰਡਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ 1 ਲੱਖ 10 ਹਜ਼ਾਰ ਲੋੜਵੰਦ ਪਰਿਵਾਰਾਂ ਦੇ 4 ਲੱਖ ਤੋਂ ਵੱਧ ਵਿਅਕਤੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਰਾਹੀਂ ਅਨਾਜ ਦਾ ਲਾਭ ਮਿਲੇਗਾ ਅਤੇ ਇਸ ਨਾਲ ਅਨਾਜ ਦੀ ਵੰਡ ਵਿੱਚ ਪਾਰਦਰਸ਼ਤਾ ਦੇ ਦੌਰ ਦੀ ਸ਼ੁਰੂਆਤ ਹੋਈ ਹੈ। ਬਾਇਓ-ਮੈਟ੍ਰਿਕ ਤਸਦੀਕ ਅਸਲ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਯਕੀਨੀ ਬਣਾਉਂਦੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸਮੁੱਚੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਕੰਪਿਊਟਰੀਕਰਨ ਅਤੇ ਡਿਜੀਟਾਈਜੇਸ਼ਨ ਅਨਾਜ ਦੀ ਚੋਰੀ ਅਤੇ ਹੋਰ ਪਾਸੇ ਵੰਡ ’ਤੇ ਲਗਾਮ ਲਗਾਉਂਦੀ ਹੈ। ਇਸਦੇ ਨਾਲ ਹੀ ਕਾਰਡ ਦੀ ਇੰਟਰਾ-ਸਟੇਟ ਪੋਰਟੇਬਿਲਟੀ ਵਿਸ਼ੇਸ਼ਤਾ ਲਾਭਪਾਤਰੀ ਨੂੰ ਆਪਣੀ ਪਸੰਦ ਦੇ ਰਾਸ਼ਨ ਡਿੱਪੂ ਤੋਂ ਰਾਸ਼ਨ ਲੈਣ ਦਾ ਅਧਿਕਾਰ ਦਿੰਦੀ ਹੈ, ਸਿੱਟੇ ਵਜੋਂ ਡਿੱਪੂ ਹੋਲਡਰ ਦੀ ਲੰਮੇ ਸਮੇਂ ਦੀ ਅਜਾਰੇਦਾਰੀ ਨੂੰ ਖ਼ਤਮ ਕਰਦੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਲੋਕਾਂ ਦੀਆਂ ਅਨਾਜ ਲੋੜਾਂ ਨੂੰ ਪੂਰਾ ਕੀਤਾ ਹੈ। ਤਾਲਾਬੰਦੀ ਦੌਰਾਨ ਪ੍ਰਵਾਸੀਆਂ ਅਤੇ ਲੋੜਵੰਦਾਂ ਨੂੰ ਲੰਗਰ, ਰਾਸ਼ਨ ਵੰਡ ਅਤੇ ਅਨਾਜ ਦੀ ਵੰਡ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਗਵਾਹੀ ਭਰਦੇ ਹਨ। ਨੋਵਲ ਕਰੋਨਾ ਵਾਇਰਸ ਦੇ ਫੈਲਾਅ ਨਾਲ ਪੈਦਾ ਹੋਈ ਚੁਨੌਤੀ ਦਾ ਸਾਹਮਣਾ ਕਰਨ ਲਈ ਪੰਜਾਬ ਵੱਲੋਂ ਹਾਲੇ ਤੱਕ ਕੌਮੀ ਪੱਧਰ ’ਤੇ ਅਨਾਜ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ। ਪਰਿਵਾਰ ਦੇ ਵੇਰਵੇ ਲੈਣ ਲਈ ਸਮਾਰਟ ਰਾਸ਼ਨ ਕਾਰਡ ਈ-ਪੀਓਐਸ ਮਸ਼ੀਨ ’ਤੇ ਸਵਾਈਪ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਨਾਜ ਲੈਣ ਲਈ ਪਰਿਵਾਰ ਦੇ ਮੈਂਬਰ ਦੀ ਬਾਇਓ-ਮੀਟ੍ਰਿਕ ਤਸਦੀਕ ਕੀਤੀ ਜਾਵੇਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਏਡੀਸੀ (ਡੀ) ਰਾਜੀਵ ਗੁਪਤਾ, ਸਹਾਇਕ ਕਮਿਸ਼ਨ (ਸ਼ਿਕਾਇਤਾਂ) ਯਸ਼ਪਾਲ ਸ਼ਰਮਾ, ਐਸਡੀਐਮ ਜਗਦੀਪ ਸਹਿਗਲ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਸਿੱਧੂ, ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।