ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਭਖਿਆ, ਸਿਹਤ ਮੰਤਰੀ ਬਲਬੀਰ ਸਿੱਧੂ ਵੀ ਪੁੱਜੇ ਹਸਪਤਾਲ

ਪੰਜਾਬ ਅਗੇਂਸਟ ਭ੍ਰਿਸ਼ਟਾਚਾਰ ਵੱਲੋਂ ਪੱਤਰਕਾਰ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦਾ ਐਲਾਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਭਾ ਫੇਜ਼-4 ਵਿੱਚ ਦੋ ਧਿਰਾਂ ਵਿੱਚ ਹੋਏ ਆਪਸੀ ਵਿਵਾਦ ਦੌਰਾਨ ਅੰਮ੍ਰਿਤਧਾਰੀ ਪੱਤਰਕਾਰ ਮੇਜਰ ਸਿੰਘ ਦੀ ਫੇਜ਼-1 ਥਾਣੇ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਤਿੰਨ ਦਿਨਾਂ ਬਾਅਦ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਪੀੜਤ ਪੱਤਰਕਾਰ ਦੀ ਖ਼ਬਰ-ਸਾਰ ਪੁੱਛੀ। ਉਨ੍ਹਾਂ ਨੇ ਪੱਤਰਕਾਰ ਦੇ ਸਰੀਰ ਤੋਂ ਕੱਪੜਾ ਚੁੱਕ ਕੇ ਪੁਲੀਸ ਤਸ਼ੱਦਦ ਦੇ ਜ਼ਖ਼ਮ ਵੀ ਦੇਖੇ ਅਤੇ ਡਾਕਟਰਾਂ ਨੂੰ ਆਦੇਸ਼ ਦਿੱਤੇ ਕਿ ਮੀਡੀਆ ਕਰਮੀ ਦੇ ਇਲਾਜ ਵਿੱਚ ਕੋਈ ਕੋਤਾਹੀ ਨਾ ਵਰਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਜਸਪਾਲ ਸਿੰਘ ਵੀ ਹਾਜ਼ਰ ਸਨ।
ਉਧਰ, ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਭ੍ਰਿਸ਼ਟਾਚਾਰ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਦੱਸਦਿਆਂ ਕਿਹਾ ਕਿ ਪੱਤਰਕਾਰ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਅਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੇ ਹਸਪਤਾਲ ਵਿੱਚ ਆ ਕੇ ਮਹਿਜ ਖਾਨਾਪੂਰਤੀ ਕੀਤੀ ਹੈ ਕਿਉਂਕਿ ਮੰਤਰੀ ਨੇ ਪੱਤਰਕਾਰ ਦੇ ਜ਼ਖ਼ਮ ਦੇਖਣ ਤੋਂ ਬਾਅਦ ਵੀ ਇਨਸਾਫ਼ ਦਾ ਭਰੋਸਾ ਦੇਣ ਲਈ ਦੋ ਸ਼ਬਦ ਤੱਕ ਨਹੀਂ ਕਹੇ ਅਤੇ ਪੱਤਰਕਾਰ ਦਾ ਮਾਣ ਰੱਖਣ ਲਈ ਪੁਲੀਸ ਨੂੰ ਕੋਈ ਹਦਾਇਤ ਹੀ ਕੀਤੀ ਗਈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਪੱਤਰਕਾਰ ਨੂੰ ਤੜਕੇ ਹੋ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਪੱਤਰਕਾਰ ਦੀ ਕੁੱਟਮਾਰ ਦੀ ਨਹੀਂ ਹੈ ਸਗੋਂ ਸਮੁੱਚੇ ਮਾਮਲੇ ਦੀ ਤੈਅ ਤੱਕ ਜਾਣ ਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਬਾਵਰਦੀ ਕਿਵੇਂ ਗੁਰਦੁਆਰੇ ਵਿੱਚ ਚਲੀ ਗਈ ਅਤੇ ਕੀਰਤਨੀਏ ਨੂੰ ਮੰਚ ਤੋਂ ਕਿਵੇਂ ਫੜ ਕੇ ਲਿਆਂਦਾ ਗਿਆ। ਅਜਿਹੇ ਹਾਲਾਤ ਕਿਉਂ ਪੈਦਾ ਹੋਏ। ਸਾਰੇ ਪਹਿਲੂਆਂ ’ਤੇ ਝਾਤ ਮਾਰਨ ਦੀ ਲੋੜ ਹੈ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਵੀ ਹਸਪਤਾਲ ਪਹੁੰਚ ਕੇ ਪੱਤਰਕਾਰ ਦਾ ਹਾਲ ਜਾਣਿਆ ਅਤੇ ਮੀਡੀਆ ਨਾਲ ਪੁਲੀਸ ਵਧੀਕੀਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੱਤਰਕਾਰਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…