ਸਿਹਤ ਮੰਤਰੀ ਬਲਬੀਰ ਸਿੱਧੂ ਆਪਣੀ ਕੋਈ ਇਕ ਪ੍ਰਾਪਤੀ ਤਾਂ ਗਿਣਵਾਏ: ਕੁਲਵੰਤ ਸਿੰਘ

ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸਿਹਤ ਸੇਵਾਵਾਂ ਦਾ ਬਹੁਤ ਮਾੜਾ ਹਾਲ

ਨਗਰ ਨਿਗਮ ਮੀਟਿੰਗਾਂ ਪਾਸ ਕੰਮਾਂ ਨੂੰ ਆਪਣੀਆਂ ਪ੍ਰਾਪਤੀਆਂ ਸੱਦ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵਰ੍ਹਦਿਆਂ ਉਸ ਨੂੰ ਵਿਕਾਸ ਕੰਮਾਂ ਵਿੱਚ ਅੜਿੱਕੇ ਪਾਉਣ ਵਾਲਾ ਅੜਿੱਕਾ ਸਿੰਘ ਕਰਾਰ ਦਿੰਦਿਆਂ ਕਿਹਾ ਕਿ ਨਗਰ ਨਿਗਮ ਦੇ ਕੰਮਾਂ ਦਾ ਸਿਹਰਾ ਲੈਣ ਵਾਲਾ ਮੰਤਰੀ ਪਿਛਲੇ ਚਾਰ ਸਾਲਾਂ ਵਿੱਚ ਮੁਹਾਲੀ ਦੇ ਵਿਕਾਸ ਲਈ ਕੀਤੀ ਆਪਣੀ ਕੋਈ ਪ੍ਰਾਪਤੀ ਗਿਣਵਾਏ।
ਮੁਹਾਲੀ ਪ੍ਰੈਸ ਕਲੱਬ ਵਿੱਚ ‘ਮੀਟ ਦਿ ਪ੍ਰੈਸ’ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਮੰਤਰੀ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਵਿੱਚ ਸ਼ਹਿਰ ਲਈ ਇਕ ਵੀ ਪ੍ਰਾਜੈਕਟ ਲੈ ਕੇ ਨਹੀਂ ਆਏ ਹਨ ਸਗੋਂ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਕੌਂਸਲਰਾਂ ਵੱਲੋਂ ਕੀਤੇ ਗਏ ਮਤਿਆਂ ’ਤੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਅਤੇ ਉਦਘਾਟਨ ਕਰਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਕੇ ਪੜ੍ਹੇ ਲਿਖੇ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਅਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸਿਹਤ ਸੇਵਾਵਾਂ ਦਾ ਬਹੁਤ ਮਾੜਾ ਹਾਲ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਸਿੱਧੂ ਨੇ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕਰਕੇ ਵੋਟਾਂ ਬਟੋਰੀਆਂ ਸਨ ਕਿ ਮੁਹਾਲੀ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਮੁਕਤੀ ਦਿਲਵਾਈ ਜਾਵੇਗੀ ਅਤੇ ਸ਼ਹਿਰ ਵਿੱਚ ਨੀਡ ਬੇਸਿਡ ਪਾਲਿਸੀ ਲਾਗੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ ਪ੍ਰੰਤੂ ਹੁਣ ਤੱਕ ਮੰਤਰੀ ਨੇ ਆਪਣਾ ਇਕ ਵੀ ਵਾਅਦਾ ਪੁਰਾ ਨਹੀਂ ਕੀਤਾ ਹੈ। ਜਦੋਂਕਿ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਹੀ ਮੀਟਿੰਗ ਵਿੱਚ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦਾ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਪ੍ਰੰਤੂ ਸਰਕਾਰ ਨੇ ਹੁਣ ਤੱਕ ਪ੍ਰਵਾਨਗੀ ਨਹੀਂ ਦਿੱਤੀ ਸਗੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਹੁਕਮ ਚਾੜੇ ਗਏ ਕਿ ਲੋਕਾਂ ਨੂੰ ਪ੍ਰਾਪਰਟੀ ਟੈਕਸ ਵਸੂਲਿਆ ਜਾਵੇ। ਇਸ ਤੋਂ ਇਲਾਵਾ ਸਿਟੀ ਬੱਸ ਸਰਵਿਸ ਦਾ ਮਤਾ ਵੀ ਰੋਕ ਲਿਆ ਗਿਆ। ਸ਼ਹਿਰ ਵਿੱਚ ਅੰਡਰ ਗਰਾਉਂਡ ਗੈਸ ਪਾਈਪਲਾਈਨ ਵਿਛਾਉਣ ਦੇ ਮਾਮਲੇ ਵਿੱਚ ਵੀ ਮੰਤਰੀ ਵੱਲੋਂ ਅੜਿੱਕੇ ਖੜੇ ਕੀਤੇ ਗਏ ਕਿਉਂਕਿ ਮੰਤਰੀ ਦੀ ਆਪਣੀ ਗੈਸ ਏਜੰਸੀ ਹੈ। ਇਸ ਕੰਮ ਵਿੱਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿੱਧੂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਤਤਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੇ ਹੋਰਨਾਂ ਕੌਂਸਲਰਾਂ ਦੀ ਸਾਂਝੀ ਮੰਗ ’ਤੇ ਮੁਹਾਲੀ ਦੀਆਂ ਸੁਸਾਇਟੀਆਂ ਦੇ ਅੰਦਰੂਨੀ ਵਿਕਾਸ ਦਾ ਮਤਾ ਸਾਲ ਪਹਿਲਾਂ ਫਰਵਰੀ 2020 ਵਿੱਚ ਪਾਸ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਗਿਆ ਸੀ ਪ੍ਰੰਤੂ ਮੰਤਰੀ ਦੇ ਕਹਿਣ ’ਤੇ ਇਸ ਮਤੇ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਇਲਾਵਾ 200 ਹੋਰ ਵਿਕਾਸ ਕੰਮਾਂ ਦੇ ਮਤਿਆਂ ਸਬੰਧੀ ਟੈਂਡਰ ਜਾਰੀ ਨਹੀਂ ਹੋਣ ਦਿੱਤੇ। ਜਿਸ ਕਾਰਨ ਅਖੀਰਲੇ ਸਮੇਂ ਵਿੱਚ ਸ਼ਹਿਰ ਅੰਦਰ ਵਿਕਾਸ ਕੰਮਾਂ ਵਿੱਚ ਖੜੋਤ ਆਈ ਹੈ ਲੇਕਿਨ ਮੇਅਰ ਅਤੇ ਬਾਕੀ ਕੌਂਸਲਰਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਅਤੇ ਨਿਗਮ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਿਆਸੀ ਲਾਹਾ ਲੈਣ ਲਈ ਵਿਕਾਸ ਕੰਮਾਂ ਦੇ ਟੈਂਡਰ ਜਾਰੀ ਕਰਕੇ ਨੀਂਹ ਪੱਥਰ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਜਦੋਂਕਿ ਇਸ ਤੋਂ ਪਹਿਲਾਂ ਇਨ੍ਹਾਂ ਲੋਕ ਹਿੱਤ ਕੰਮਾਂ ਲਈ ਕੌਂਸਲਰਾਂ ਵੱਲੋਂ ਸਰਕਾਰ ਅਤੇ ਮੰਤਰੀ ਦੇ ਖ਼ਿਲਾਫ਼ ਧਰਨੇ ਆਦਿ ਵੀ ਦਿੱਤੇ ਗਏ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਸਾਢੇ 5 ਗੁਣਾ ਮਹਿੰਗੇ ਪਾਣੀ ਖ਼ਿਲਾਫ਼ ਲੋਕਾਂ ਨੂੰ ਅਦਾਲਤ ਦੀ ਸ਼ਰਨ ਵਿੱਚ ਜਾਣਾ ਪਿਆ ਅਤੇ ਜਦੋਂ ਲੋਕ ਹਿੱਤ ਵਿੱਚ ਅਦਾਲਤ ਨੇ ਫੈਸਲਾ ਸੁਣਾਉਣ ਦਾ ਦਿਨ ਨਿਰਧਾਰਿਤ ਕੀਤਾ ਤਾਂ ਹੁਕਮਰਾਨਾਂ ਨੇ ਇਹ ਫਾਈਲ ਕਲੀਅਰ ਕਰਕੇ ਰਿਪੋਰਟ ਪੇਸ਼ ਕੀਤੀ ਗਈ। ਕਹਿਣ ਤੋਂ ਭਾਵ ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਮੁਹਾਲੀ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ ਹੈ। ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਅਤੇ ਸੁਖਦੇਵ ਸਿੰਘ ਪਟਵਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …