ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਪਿੰਡ ਬਾਕਰਪੁਰ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ

ਪਿੰਡ ਬਾਕਰਪੁਰ ਦੇ ਸਰਬਪੱਖੀ ਵਿਕਾਸ ਲਈ 65 ਲੱਖ ਰੁਪਏ ਦੀ ਹੋਰ ਗਰਾਂਟ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ੀ ਨਾਲ ਜਾਰੀ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਹਲਕੇ ਦੇ ਪਿੰਡ ਬਾਕਰਪੁਰ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਪਿੰਡ ਵਿੱਚ ਨੌਜਵਾਨਾਂ ਲਈ ਖੇਡ ਸਰਗਰਮੀਆਂ ਅਤੇ ਹੋਰ ਕਾਰਜਾਂ ਵਾਸਤੇ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਵੇ ਤੇ ਇਹ ਮੰਗ ਅੱਜ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ 10 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਪਿੰਡ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਉਨ੍ਹਾਂ ਵੱਲੋਂ ਹੁਣ ਤੱਕ 25 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ 65 ਲੱਖ ਰੁਪਏ ਦਿਤੇ ਜਾਣਗੇ। ਇਸ ਤੋਂ ਇਲਾਵਾ ਮਨਰੇਗਾ ਸਕੀਮ ਤਹਿਤ 61 ਲੱਖ ਰੁਪਏ ਦਿਤੇ ਜਾ ਚੁਕੇ ਹਨ।
ਉਨ੍ਹਾਂ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਮੂੰਹ-ਮੁਹਾਂਦਰਾ ਬਦਲਣ ਲਈ 27 ਲੱਖ ਰੁਪਏ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦਾ ਬਰਾਬਰ ਤੇ ਚੌਤਰਫ਼ਾ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਸੀ, ਉਦੋਂ ਸੂਬੇ ਸਿਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਪਰ ਇਸ ਸਭ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਤੇ ਅਗਾਂਹਵਧੂ ਸੋਚ ਸਦਕਾ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿਤੀ ਗਈ। ਉਨ੍ਹਾਂ ਕਿਹਾ ਕਿ ਨਵੇਂ ਵਿੱਤੀ ਸਾਲ ਵਿਚ ਮੋਹਾਲੀ ਹਲਕੇ ਦੇ ਵੱਖ-ਵੱਖ ਵਿਕਾਸ ਕੰਮਾਂ ਵਾਸਤੇ ਹੋਰ 5 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਸੀਵਰੇਜ ਦੀ ਸਮੱਸਿਆ ਹੈ, ਉਹ ਵੀ ਛੇਤੀ ਹੀ ਦੂਰ ਕਰ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸੂਬੇ ਦਾ ਚੌਤਰਫ਼ਾ ਵਿਕਾਸ ਸੰਭਵ ਹੋਇਆ ਹੈ ਅਤੇ ਜਿਹੜੇ ਮਾੜੇ-ਮੋਟੇ ਕੰਮ ਰਹਿ ਗਏ ਹਨ, ਉਹ ਵੀ ਮੁਕੰਮਲ ਕੀਤੇ ਜਾ ਰਹੇ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸਰਪੰਚ ਜਗਤਾਰ ਸਿੰਘ, ਬੀਡੀਪੀਓ ਖਰੜ ਹਿਤੇਨ ਕਪਿਲਾ, ਹਰੀ ਸਿੰਘ, ਰਣਜੀਤ ਸਿੰਘ ਪੰਚ, ਸੁਖਦਰਸ਼ਨ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ, ਜ਼ੈਲਦਾਰ ਦਵਿੰਦਰ ਸਿੰਘ, ਪਵਿੱਤਰ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਅਮਰ ਸਿੰਘ, ਖਰੜ ਪੰਚਾਇਤ ਸੰਮਤੀ ਦੇ ਚੇਅਰਪਰਸਨ ਦੇ ਪਤੀ ਗੁਰਵਿੰਦਰ ਸਿੰਘ ਬੜੀ, ਜੀ ਐਸ ਰਿਆੜ, ਹਰਜੀਤ ਸਿੰਘ ਸਰਪੰਚ ਰੁੜਕਾ, ਰਮਨਦੀਪ ਸਿੰਘ ਸਰਪੰਚ ਸਫ਼ੀਪੁਰ, ਗੁਰਵਿੰਦਰ ਸਿੰਘ ਸਰਪੰਚ ਨਡਿਆਲੀ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ ਤੋਂ ਇਲਾਵਾ ਹੋਰ ਆਗੂ ਅਤੇ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…