
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਗਊਸ਼ਾਲਾ ਵਿੱਚ ਇਕ ਹੋਰ ਸ਼ੈੱਡ ਦੀ ਉਸਾਰੀ ਦਾ ਕੰਮ ਕਰਵਾਇਆ ਸ਼ੁਰੂ
ਸਵਾ ਕਰੋੜ ਦੀ ਲਾਗਤ ਨਾਲ 500 ਲਾਵਾਰਿਸ ਪਸ਼ੂਆਂ ਲਈ ਬਣੇਗਾ ਨਵਾਂ ਸ਼ੈੱਡ: ਬਲਬੀਰ ਸਿੱਧੂ
ਬਾਲ ਗੋਪਾਲ ਗਊਸ਼ਾਲਾ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਤਰੀ ਦੀ ਮੌਜੂਦਗੀ ਵਿੱਚ ਬਾਲ ਗੋਪਾਲ ਟਰੱਸਟ ਦੇ ਮੈਂਬਰਾਂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਪੂਜਾ ਕੀਤੀ। ਉਪਰੰਤ ਲਾਵਾਰਿਸ ਪਸ਼ੂਆਂ ਲਈ ਇੱਥੇ ਟੱਕ ਲਗਾ ਕੇ ਇਕ ਹੋਰ ਸ਼ੈੱਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।
ਸ੍ਰੀ ਸਿੱਧੂ ਨੇ ਨਵੇਂ ਸ਼ੈੱਡ ਦੀ ਉਸਾਰੀ ’ਤੇ ਦਾਨੀ ਸੱਜਣਾਂ ਅਤੇ ਟਰੱਸਟੀਆਂ ਵੱਲੋਂ ਇਕੱਤਰ ਕੀਤੇ ਕਰੀਰ ਸਵਾ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਜਦੋਂਕਿ ਇਸ ਤੋਂ ਪਹਿਲਾਂ ਵੀ ਸ਼ੈੱਡ ਬਣਾਉਣ ਤੇ ਹੋਰ ਪ੍ਰਬੰਧ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਸ ਗਊਸ਼ਾਲਾ ਵਿੱਚ 450 ਲਾਵਾਰਿਸ ਪਸ਼ੂ ਰੱਖੇ ਗਏ ਹਨ ਅਤੇ ਨਵੇਂ ਬਣਾਏ ਜਾਣ ਵਾਲੇ ਸ਼ੈੱਡ ਵਿੱਚ 500 ਲਾਵਾਰਿਸ ਪਸ਼ੂ ਹੋਰ ਰੱਖੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸ਼ਹਿਰ ਵਿੱਚ ਪਾਲਤੂ ਪਸ਼ੂ ਛੱਡੇ ਜਾਣ ਦੀ ਗੱਲ ਹੈ, ਇਸ ਸਬੰਧੀ ਨਗਰ ਨਿਗਮ ਵੱਲੋਂ ਠੇਕੇਦਾਰ ਨਿਯੁਕਤ ਕੀਤਾ ਜਾ ਚੁੱਕਾ ਹੈ ਜੋ ਅਜਿਹੇ ਪਸ਼ੂਆਂ ਨੂੰ ਫੜ ਕੇ ਸਰਕਾਰੀ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ ਅਤੇ ਪਸ਼ੂ ਪਾਲਕਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਿੱਚ ਸਿਰਫ਼ ਉਹ ਪਸ਼ੂ ਰੱਖੇ ਜਾ ਰਹੇ ਹਨ ਜੋ ਲਾਵਾਰਿਸ ਹਨ ਅਤੇ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਦੀ ਸਰਕਾਰੀ ਗਊਸ਼ਾਲਾ ਵਿੱਚ ਲੋੜ ਤੋਂ ਵੱਧ ਲਾਵਾਰਿਸ ਪਸ਼ੂ ਹਨ, ਜਿਨ੍ਹਾਂ ਨੂੰ ਸਮੇਂ ਸਮੇਂ ਸਿਰ ਬਲੌਂਗੀ ਗਊਸ਼ਾਲਾ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਿਕਟਰ ਨਿਹੋਲਕਾ, ਕੌਂਸਲਰ ਬਲਜੀਤ ਕੌਰ, ਬਹਾਦਰ ਸਿੰਘ ਸਰਪੰਚ ਬਲੌਂਗੀ ਸਮੇਤ ਗਊਸ਼ਾਲਾ ਦੇ ਟਰੱਸਟੀ ਨਰੇਸ਼ ਕਾਂਸਲ, ਅਨੁਰਾਗ ਅਗਰਵਾਲ, ਮੁਕੇਸ਼ ਬਾਂਸਲ, ਮਨਪ੍ਰੀਤ ਢੱਟ, ਸੰਜੇ ਅਗਰਵਾਲ ਅਤੇ ਸੰਜੀਵ ਗਰਗ ਅਤੇ ਹੋਰ ਪਤਵੰਤੇ ਹਾਜ਼ਰ ਸਨ।