
ਗਰਾਂਟਾਂ ਦੇ ਚੈੱਕ ਵੰਡਣ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਕਿਸਾਨਾਂ ਤੇ ਲੋਕਾਂ ਨੇ ਘੇਰਿਆ
ਮੁੱਦਾਹੀਣ ਵਿਰੋਧੀ ਹੁਣ ਸਿਰਫ਼ ਚਿੱਕੜ ਸੁੱਟਣ ਤੱਕ ਸੀਮਤ: ਬਲਬੀਰ ਸਿੱਧੂ
ਪਿੰਡ ਦਾਊਂ, ਰਾਮਗੜ੍ਹ, ਚੱਪੜਚਿੜੀ ਕਲਾਂ ਤੇ ਬੈਂਰੋਪੁਰ ਦੇ ਵਿਕਾਸ ਲਈ ਦਿੱਤੀਆਂ 35 ਲੱਖ ਦੀਆਂ ਗਰਾਂਟਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅੱਜ ਗਰਾਂਟਾਂ ਦੇ ਚੈੱਕ ਵੰਡਣ ਮੌਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਪਿੰਡ ਦਾਊਂ ਵਿੱਚ ਜਿਵੇਂ ਹੀ ਸਿੱਧੂ ਗਰਾਂਟ ਵੰਡਣ ਆਏ ਤਾਂ ਅਕਾਲੀ ਆਗੂ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਦੀ ਅਗਵਾਈ ਹੇਠ ਕਿਸਾਨਾਂ ਤੇ ਆਮ ਲੋਕਾਂ ਨੇ ਕਿਸਾਨੀ ਝੰਡੇ ਲੈ ਕੇ ਸਖ਼ਤ ਵਿਰੋਧ ਕੀਤਾ ਲੇਕਿਨ ਪੁਲੀਸ ਬਲਾਂ ਨੇ ਉਨ੍ਹਾਂ ਨੂੰ ਸਟੇਜ ਨੇੜੇ ਨਹੀਂ ਆਉਣ ਦਿੱਤਾ। ਮੰਤਰੀ ਨੇ ਐਲਾਨ ਕੀਤਾ ਕਿ ਪੰਚਾਇਤੀ ਜ਼ਮੀਨ ’ਤੇ ਖਿਡਾਰੀਆਂ ਲਈ ਖੇਡ ਸਟੇਡੀਅਮ, ਦਲਿਤ ਅਤੇ ਗਰੀਬ ਪਰਿਵਾਰਾਂ ਲਈ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣਗੇ। ਜਿਸ ਨੂੰ ਗਮਾਡਾ ਤੋਂ ਨਕਸ਼ਾ ਪਾਸ ਕਰਵਾ ਕੇ ਆਧੁਨਿਕ ਸਹੂਲਤਾਂ ਨਾਲ ਲੈਸ ਕਲੋਨੀ ਉਸਾਰੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਸਾਨਾਂ ਦੇ ਵਿਰੋਧ ਨੂੰ ਬੇਲੋੜਾ ਦੱਸਦਿਆਂ ਕਿਹਾ ਕਿ ਉਹ ਖ਼ੁਦ ਕਿਸਾਨ ਹਨ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਸ਼ੁਰੂ ਤੋਂ ਸਖ਼ਤ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧ ਨਹੀਂ ਕਰ ਰਹੇ ਬਲਕਿ ਅਕਾਲੀ ਦਲ ਅਤੇ ਆਪ ਪਾਰਟੀ ਦੇ ਗੁਮਰਾਹ ਕੀਤੇ ਵਿਅਕਤੀ ਹੀ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਵਿਕਾਸ ਦੀ ਹਨੇਰੀ ਚਲ ਰਹੀ ਹੈ, ਜਿਸ ਕਾਰਨ ਵਿਰੋਧੀਆਂ ਕੋਲ ਉਨ੍ਹਾਂ ਖ਼ਿਲਾਫ਼ ਕੋਈ ਮੁੱਦਾ ਨਹੀਂ ਰਿਹਾ ਅਤੇ ਉਹ ਬਿਨਾਂ ਮਤਲਬ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ।
ਸਿਹਤ ਮੰਤਰੀ ਨੇ ਇਤਿਹਾਸਕ ਪਿੰਡ ਦਾਊਂ ਵਿੱਚ ਬਣੇ ਦੋ ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਲਈ 5.50 ਲੱਖ ਰੁਪਏ, ਕਬਰਿਸਤਾਨ ਦੀ ਚਾਰਦੀਵਾਰੀ ਲਈ 7 ਲੱਖ ਰੁਪਏ, ਪਿੰਡ ਰਾਮਗੜ੍ਹ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 5 ਲੱਖ ਰੁਪਏ, ਚੱਪੜਚਿੜੀ ਕਲਾਂ ਦੀ ਆਊਟਫਾਲ ਡਰੇਨ ਲਈ 6 ਲੱਖ ਰੁਪਏ, ਧਰਮਸ਼ਾਲਾ ਦੀ ਮੁਰੰਮਤ ਲਈ 2.50 ਲੱਖ ਰੁਪਏ, ਪਿੰਡ ਬੈਰੋਂਪੁਰ ਵਿੱਚ ਗਲੀਆਂ-ਨਾਲੀਆਂ ਲਈ 8.70 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਪਿੰਡ ਦਾਊਂ ਨੂੰ ਮੁਹਾਲੀ ਨਗਰ ਲਿਗਮ ਵਿੱਚ ਸ਼ਾਮਲ ਕਰਨ ਦੀ ਕੋਈ ਪਰਪੋਜ਼ਲ ਨਹੀਂ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਅਜਮੇਰ ਸਿੰਘ ਸਰਪੰਚ ਦਾਊਂ, ਯੂਥ ਆਗੂ ਨਰੇਸ਼ ਨੇਸ਼ੀ, ਨੰਬਰਦਾਰ ਹਰਬੰਸ ਸਿੰਘ, ਚਰਨਜੀਤ ਸਿੰਘ, ਸਲੀਮ ਖ਼ਾਨ, ਪ੍ਰਮੋਦ ਕੁਮਾਰ, ਗੁਰਮੀਤ ਸਿੰਘ, ਜਸਵੰਤ ਸਿੰਘ (ਸਾਰੇ ਪੰਚ), ਸਾਬਕਾ ਪੰਚ ਭਾਗ ਸਿੰਘ, ਚੱਪੜਚਿੜੀ ਕਲਾਂ ਦੇ ਸਰਪੰਚ ਕੈਪਟਨ ਪਿਆਰਾ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਅਵਤਾਰ ਸਿੰਘ ਸਰਪੰਚ ਭਾਗੋਮਾਜਰਾ, ਇਕਬਾਲ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ ਥਿੰਦ ਅਤੇ ਮੰਗਾ ਸਿੰਘ ਸਰਪੰਚ ਮੌਜਪੁਰ ਵੀ ਹਾਜ਼ਰ ਸਨ।