Nabaz-e-punjab.com

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡ ਚੱਪੜਚਿੜੀ ਵਿੱਚ ਕਿਸਾਨ ਮੇਲੇ ਦਾ ਉਦਘਾਟਨ

ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚੋਂ ਨਿਕਲ ਕੇ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ

ਕਿਸਾਨ ਪਰਾਲੀ ਸਾੜਨ ਦਾ ਰੁਝਾਨ ਤਿਆਗ ਕੇ ਸਿਹਤਮੰਦ ਪੰਜਾਬ ਲਈ ਸਹਿਯੋਗ ਦੇਣ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਵਾਤਾਵਰਨ ਦੀ ਸ਼ੁੱਧਤਾ ਲਈ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਦੀ ਬਜਾਏ ਜ਼ਮੀਨ ਵਿੱਚ ਵਾਹ ਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਹ ਅਪੀਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਸੱਦੇ ਨਾਲ ਜ਼ਿਲ੍ਹਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਪਿੰਡ ਚੱਪੜਚਿੜੀ ਵਿੱਚ ਆਤਮਾ ਸਕੀਮ ਅਧੀਨ ਹਾੜ੍ਹੀ ਦੀਆਂ ਫਸਲਾਂ ਬਾਰੇ ਲਗਾਏ ਗਏ ਕਿਸਾਨ ਮੇਲੇ ਅਤੇ ਸਿਖਲਾਈ ਕੈਂਪ ਵਿੱਚ ਪੁੱਜੇ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਤੋਂ ਪਹਿਲਾਂ ਮੰਤਰੀ ਨੇ ਕਿਸਾਨ ਮੇਲੇ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਅਤੇ ਵੱਖ ਵੱਖ ਸਟਾਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਪਰਾਲੀ ਨਾ ਸਾੜਨ ਵਾਲੇ 10 ਅਗਾਂਹਵਧੂ ਕਿਸਾਨਾਂ ਨੂੰ ਪ੍ਰਸੰਸਾ ਪੱਤਰ ਅਤੇ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਸਿੱਧੂ ਨੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਿਸਾਨਾਂ ਨੂੰ ਅੱਗੇ ਆ ਕੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਹੀ ਸਹਿਕਾਰੀ ਸੁਸਾਇਟੀਆਂ ਰਾਹੀਂ ਆਧੁਨਿਕ ਮਸ਼ੀਨਰੀ ਮੁਹੱਈਆ ਕਰ ਰਹੀ ਹੈ, ਜਿਸ ਨੂੰ ਕਿਰਾਏ ’ਤੇ ਲੈ ਕੇ ਕਿਸਾਨ ਫਸਲਾਂ ਦੀ ਰਹਿੰਦ ਖੰੂਹਦ ਨੂੰ ਖੇਤਾਂ ਵਿੱਚ ਵਾਹ ਸਕਦੇ ਹਨ। ਇਸ ਨਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ।
ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਰਥਿਕ ਤੌਰ ’ਛੇ ਆਤਮ ਨਿਰਭਰ ਹੋਣ ਲਈ ਖ਼ੁਦ ਮਾਰਕੀਟਿੰਗ (ਮੰਡੀਕਰਨ) ਵੱਲ ਆਉਣਾ ਪਵੇਗਾ।
ਪੰਜਾਬ ਦੇ ਕਿਸਾਨਾਂ ਦੀ ਮੰਦਹਾਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਹਨਤ ਤੇ ਫਸਲਾਂ ਦਾ ਵੱਧ ਝਾੜ ਲੈਣ ਦੇ ਬਾਵਜੂਦ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਲਈ ਹੁਣ ਖ਼ੁਦ ਮੰਡੀਕਰਨ ਵੱਲ ਆਉਣਾ ਸਮੇਂ ਦੀ ਲੋੜ ਬਣ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਵੀ ਨਿਕਲ ਕੇ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ। ਫਸਲੀ ਵੰਨ ਸੁਵੰਨਤਾ ਅਤੇ ਹੋਰ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਹੋਰ ਵਿਭਾਗਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਮੁਰਗੀ ਪਾਲਣ, ਸੂਰ ਪਾਲਣ ਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰਨ ਅਤੇ ਇਸ ਲਈ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਅਤੇ ਵਿਗਿਆਨੀਆਂ ਦੀਆਂ ਸਿਫ਼ਾਰਸ਼ਾਂ ’ਤੇ ਧਿਆਨ ਦੇਣ। ਇਨ੍ਹਾਂ ਸਿਫ਼ਾਰਸ਼ਾਂ ਦੇ ਹਿਸਾਬ ਨਾਲ ਹੀ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਕੀਤੀ ਜਾਵੇ।
ਮਿਲਾਵਟਖੋਰਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜੇ ਮਿਲਾਵਟ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਕਿਸਾਨਾਂ ਨੂੰ ਦੁੱਧ ਤੇ ਹੋਰ ਵਸਤਾਂ ਦਾ ਪੂਰਾ ਭਾਅ ਮਿਲੇਗਾ। ਪੰਜਾਬ ਸਰਕਾਰ ਮਿਲਾਵਟਖੋਰੀ ਰੋਕਣ ਲਈ ਤਤਪਰ ਹੈ ਅਤੇ ਹੁਣ ਆਮ ਲੋਕਾਂ ਤੇ ਕਿਸਾਨਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਰਾਜੇਸ਼ ਵਸ਼ਿਸ਼ਟ, ਡੀਡੀਪੀਓ ਡੀਕੇ ਸਾਲਦੀ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਰਵਿੰਦਰ ਸੰਧੂ, ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਸਕੀਮ ਡਾ. ਪ੍ਰਭ ਮਨਿੰਦਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਦਿਆਲ ਕੁਮਾਰ, ਜ਼ਿਲ੍ਹਾ ਸਹਿਕਾਰੀ, ਕਿਰਤ ਤੇ ਉਸਾਰੀ ਸਭਾਵਾਂ ਦੇ ਚੇਅਰਮੈਨ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਦੇ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਰਜਿੰਦਰ ਸਿੰਘ ਰਾਏਪੁਰ ਕਲਾਂ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਜ਼ੋਰਾ ਸਿੰਘ ਮਨੌਲੀ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਗੁਰਵਿੰਦਰ ਸਿੰਘ ਬੜੀ ਅਤੇ ਅਮਨਦੀਪ ਕੌਰ ਸਰਪੰਚ ਤੰਗੋਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…