Nabaz-e-punjab.com

ਮੁਹਾਲੀ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਸਿਹਤ ਮੰਤਰੀ ਨੇ ਮੇਅਰ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

ਅਕਾਲੀ ਸਰਕਾਰ ਵੇਲੇ ਮੁਹਾਲੀ ਵਿੱਚ ਆਈ ਗਰਾਂਟਾਂ ਦਾ ਵੇਰਵਾ ਰਿਕਾਰਡ ’ਤੇ ਲਿਆਉਣ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਨਗਰ ਨਿਗਮ ਭਵਨ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਮੁਹਾਲੀ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਜਾਰੀ ਫੰਡਾਂ ’ਤੇ ਮੇਅਰ ਕੁਲਵੰਤ ਸਿੰਘ ਆਪਣੀ ਮੋਹਰ ਲਗਾ ਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਜਦੋਂਕਿ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਜਿੰਨੀ ਗਰਾਂਟ ਆਈ ਹੈ, ਉਹ ਉਨ੍ਹਾਂ (ਸਿੱਧੂ) ਦੀਆਂ ਕੋਸ਼ਿਸ਼ਾਂ ਨਾਲ ਆਈ ਹੈ।’
ਸ੍ਰੀ ਸਿੱਧੂ ਨੇ ਮੇਅਰ ਨੂੰ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਮੁਹਾਲੀ ਨੂੰ ਜਾਰੀ ਹੋਈਆਂ ਗਰਾਂਟਾਂ ਦਾ ਵੇਰਵਾ ਰਿਕਾਰਡ ’ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਕਰਵਾ ਕੇ ਉਨ੍ਹਾਂ ਆਪਣੀ ਡਿਊਟੀ ਨਿਭਾਈ ਹੈ, ਜਦੋਂਕਿ ਕੁਝ ਲੋਕਾਂ ਵੱਲੋਂ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪਹਿਲਾਂ ਤਾਂ ਇਹ ਦੱਸਿਆ ਕਿ ਜਾਵੇ ਕਿ ਸ਼ਹਿਰ ਵਿੱਚ ਦਰੱਖਤਾਂ ਦੀ ਛੰਗਾਈ ਲਈ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਲਈ ਆਈ ਇਕ ਕਰੋੜ ਰੁਪਏ ਦੀ ਗਰਾਂਟ ਕਿੱਥੇ ਗਈ? ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਕੰਪਨੀ ਨੂੰ ਐਡਵਾਂਸ ਪੈਮੇਂਟ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਿਆ ਹੈ। ਮੰਤਰੀ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਬੰਧਤ ਵਿਅਕਤੀ ਦੀ ਜ਼ਿੰਮੇਵਾਰ ਤੈਅ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਜੇਬਾਂ ’ਚੋਂ ਵਿਆਜ ਸਮੇਤ ਪੈਸੇ ਵਸੂਲੇ ਜਾਣ। ਸ੍ਰੀ ਸਿੱਧੂ ਨੇ ਕਿਹਾ ਕਿ ਮੇਅਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਾਂਗਰਸ ਖਾਸ ਕਰਕੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਏ ਸੀ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ, ਸੰਯੁਕਤ ਕਮਿਸ਼ਨਰ ਡਾ. ਕਨੂੰ ਥਿੰਦ, ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਸਿਹਤ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕੁਲਜੀਤ ਸਿੰਘ ਬੇਦੀ, ਰਾਜਾ ਕੰਵਰਜੋਤ ਸਿੰਘ, ਜਸਬੀਰ ਸਿੰਘ ਮਣਕੂ, ਨਛੱਤਰ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ (ਸਾਰੇ ਕੌਂਸਲਰ) ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਗੁਰਸਾਹਿਬ ਸਿੰਘ ਅਤੇ ਕੇਐਨਐਸ ਸੋਢੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …