
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਦਾ ਕੀਤਾ ਦੌਰਾ
ਨਸ਼ਾ ਛੁਡਾਊ ਕੇਂਦਰ ਦੀ ਸਮਰੱਥਾ ਵਧਾ ਕੇ 50 ਤੋਂ 70 ਕੀਤੀ ਜਾਵੇਗੀ: ਸਿਹਤ ਮੰਤਰੀ
ਪ੍ਰਾਈਵੇਟ ਹਸਪਤਾਲਾਂ ਨਾਲ ਤਾਲਮੇਲ ਕਰਕੇ ਸਰਕਾਰ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਦੇ ਕੀਤੇ ਜਾਣਗੇ ਪੁਖ਼ਤਾ ਪ੍ਰਬੰਧ
ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਪੁਨਰ ਵਸੇਬਾ ਕਰਨ ਲਈ ਸਨਅਤੀ ਲੋੜਾਂ ਅਨੁਸਾਰ ਸਕਿੱਲ ਕੋਰਸ ਕਰਵਾਏ ਜਾਣਗੇ
ਨਬਜ਼-ਏ-ਪੰਜਾਬ, ਮੁਹਾਲੀ, 16 ਅਪਰੈਲ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਮੁੜ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ’ਚੋਂ ਨਸ਼ਿਆਂ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਅਤੇ ਨਸ਼ਾ ਪੀੜਤਾਂ ਨਾਲ ਹਮਦਰਦੀ ਰੱਖੀ ਜਾਵੇਗੀ। ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸੈਕਟਰ-66 ਦੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਪੀੜਤਾਂ ਨੂੰ ਸਰਕਾਰੀ ਤਰਜ ’ਤੇ ਇਲਾਜ ਮੁਹੱਈਆ ਕਰਵਾਉਣ ਲਈ ਨਿੱਜੀ ਖੇਤਰ ਦੇ ਵੱਡੇ ਹਸਪਤਾਲਾਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੋਹਾਣਾ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ, ਜਿਸ ਤਹਿਤ 100 ਬੈੱਡ ਨਸ਼ਾ ਪੀੜਤਾਂ ਦੇ ਇਲਾਜ ਲਈ ਸਰਕਾਰ ਵੱਲੋਂ ਵਰਤੋਂ ਵਿੱਚ ਲਿਆਂਦੇ ਜਾਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਮੁਹਾਲੀ ਦੇ ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਵਿੱਚ ਮੌਜੂਦਾ 50 ਬਿਸਤਰਿਆਂ ਦੀ ਆਈਪੀਡੀ ਵਿੱਚ ਵਾਧਾ ਕਰਕੇ ਇਸ ਨੂੰ 70 ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਥੇ ਇਲਾਜ ਕਰਵਾ ਰਹੇ ਨਸ਼ਾ ਪੀੜਤ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਖੇਡਾਂ, ਘਰੇਲੂ ਬਾਗਬਾਨੀ, ਯੋਗਾ, ਜਿਮ ਅਤੇ ਕੌਂਸਲਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਪੀੜਤ ਨੌਜਵਾਨਾਂ ਲਈ ਯੋਗਾ ਕੇਂਦਰ ਦੀ ਸ਼ੁਰੂਆਤ ਵੀ ਕੀਤੀ। ਹਫ਼ਤੇ ਵਿੱਚ ਦੋ ਦਿਨ ਇਨ੍ਹਾਂ ਨੌਜਵਾਨਾਂ ਨੂੰ ਭੰਗੜਾ ਵੀ ਸਿਖਾਇਆ ਜਾਵੇਗਾ। ਜ਼ਿਲ੍ਹ ਪ੍ਰਸ਼ਾਸਨ ਵੱਲੋਂ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀ ਮਾਜਰਾ ਦੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ। ਅੱਜ ਇਲਾਜ ਕਰਵਾ ਰਹੇ ਇੱਕ ਨੌਜਵਾਨ ਨੇ ਆਪਣੇ ਲਿਖੇ ਗੀਤ ਵੀ ਸੁਣਾਏ।
ਸਿਹਤ ਮੰਤਰੀ ਨੇ ਦੱਸਿਆ ਕਿ ਨਸ਼ਾ ਪੀੜਤਾਂ ਨੂੰ ਇਲਾਜ ਦੇ ਨਾਲ-ਨਾਲ ਭਵਿੱਖ ਵਿੱਚ ਪੁਨਰ ਵਸੇਬੇ ਅਤੇ ਸਵੈ-ਰੁਜ਼ਗਾਰ ਦੇ ਯੋਗ ਬਣਾਉਣ ਲਈ ਸਨਅਤ ਦੀਆਂ ਲੋੜਾਂ ਅਨੁਸਾਰ ਸਕਿੱਲ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਆਪਣੇ ਰੁਜ਼ਗਾਰ ਦੀ ਚਿੰਤਾ ਨਾ ਰਹੇ। ਇਸ ਤੋਂ ਇਲਾਵਾ ਜੋ ਨਸ਼ਾ ਪੀੜਤ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਹਨ, ਉਨ੍ਹਾਂ ਨੂੰ ਡਰੈਗਨ ਫਰੂਟ ਅਤੇ ਹਲਦੀ ਜਿਹੀਆਂ ਜ਼ਿਆਦਾ ਮੁੱਲ ਦੇਣ ਵਾਲੀਆਂ ਫ਼ਸਲਾਂ ਦੀ ਸਿਖਲਾਈ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਵੱਲੋਂ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮੰਤਰੀ ਨੇ ਨਸ਼ਾ ਪੀੜਤਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਨਸ਼ੇ ਤਿਆਗ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਵੈ-ਰੁਜ਼ਗਾਰ ਦੇ ਪ੍ਰਬੰਧ ਕਰਨ ਵਿੱਚ ਵੀ ਉਨ੍ਹਾਂ ਦੀ ਮਦਦ ਕਰੇਗੀ।
ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡੀਸੀ ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਵਿਕਾਸ) ਸੋਨਮ ਚੌਧਰੀ, ਸਿਵਲ ਸਰਜਨ ਡਾ. ਸੰਗੀਤਾ ਜੈਨ, ਡਿਪਟੀ ਮੈਡੀਕਲ ਕਮਿਸ਼ਨਰ ਤੇ ਨੋਡਲ ਅਫ਼ਸਰ ਡਾ. ਪਰਵਿੰਦਰ ਕੌਰ ਅਤੇ ਏਮਜ ਮੁਹਾਲੀ ਦੇ ਸੁਪਰਡੈਂਟ ਡਾ. ਨਵਦੀਪ ਸੈਣੀ ਵੀ ਮੌਜੂਦ ਸਨ।