
ਸਿਹਤ ਮੰਤਰੀ ਵੱਲੋਂ ਡਿਪਟੀ ਮੇਅਰ ਬੇਦੀ ਦੇ ਵਾਰਡ ਵਿਚਲੇ ਪਾਰਕ ਵਿੱਚ ਨਵੇਂ ਫਾਊਂਟੇਨ ਦਾ ਉਦਘਾਟਨ
ਸਮੁੱਚੇ ਮੁਹਾਲੀ ਵਿੱਚ ਨਿਰੰਤਰ ਵਿਕਾਸ ਮੇਰੀ ਸਭ ਤੋਂ ਮੁੱਢਲੀ ਜ਼ਿੰਮੇਵਾਰੀ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੋਂ ਦੇ ਫੇਜ਼-3ਬੀ2 ਦੇ ਹਨੂੰਮਾਨ ਮੰਦਰ ਦੇ ਨੇੜਲੇ ਪਾਰਕ ਵਿੱਚ ਨਵੇਂ ਬਣਾਏ ਗਏ ਫੁਹਾਰੇ ਦਾ ਉਦਘਾਟਨ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ (ਜੋ ਕਿ ਇਸ ਵਾਰਡ ਤੋਂ ਕੌਂਸਲਰ ਵੀ ਹਨ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੰਤਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿਚ ਬਿਨਾਂ ਕਿਸੇ ਵਿਤਕਰੇ ਤੋਂ ਵਿਕਾਸ ਕਾਰਜ ਵੱਡੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਪਹਿਲਾਂ ਉਨ੍ਹਾਂ ਉੱਤੇ ਵਿਸ਼ਵਾਸ ਪ੍ਰਗਟ ਕਰਕੇ ਉਨ੍ਹਾਂ ਨੂੰ ਤਿੰਨ ਵਾਰ ਹਲਕੇ ਤੋਂ ਵਿਧਾਇਕ ਬਣਾਇਆ ਹੈ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਿਹਤ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਜਿਸ ਵਾਸਤੇ ਉਹ ਹਮੇਸ਼ਾਂ ਮੁਹਾਲੀ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ।

ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦਾ ਨਿਰੰਤਰ ਵਿਕਾਸ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਮੁਹਾਲੀ ਦੇ ਵਿਕਾਸ ਵਾਸਤੇ ਕਦੇ ਵੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫਾਊਂਟੇਨ ਦੇ ਨਾਲ ਨਾ ਸਿਰਫ਼ ਇਸ ਪਾਰਕ ਦੀ ਸੁੰਦਰਤਾ ਵਧੇਗੀ ਸਗੋਂ ਇੱਥੋਂ ਦੇ ਸੈਰ ਕਰਨ ਵਾਲੇ ਵਸਨੀਕਾਂ ਅਤੇ ਪਾਰਕ ਵਿੱਚ ਖੇਡਣ ਵਾਲੇ ਬੱਚਿਆਂ ਨੂੰ ਸਕੂਨ ਵੀ ਮਿਲੇਗਾ। ਇਸ ਮੌਕੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਨਗਰ ਨਿਗਮ ਦੇ ਐੱਸਈ ਸੰਜੇ ਕੰਵਰ, ਐਕਸੀਅਨ ਕਮਲਦੀਪ ਸਿੰਘ ਸਮੇਤ ਰਾਮ ਸਰੂਪ ਜੋਸ਼ੀ, ਡਾ. ਡੀਐਸ ਚੰਦੋਕ, ਦਲਬੀਰ ਸਿੰਘ ਕਾਨੂੰਗੋ, ਜਤਿੰਦਰ ਸਿੰਘ ਭੱਟੀ, ਤਿਲਕ ਰਾਜ ਸ਼ਰਮਾ, ਬਾਪੂ ਹਰਬੰਸ ਸਿੰਘ, ਜਗਰੂਪ ਸਿੰਘ, ਨਰਿੰਦਰ ਕੁਮਾਰ ਮੋਦੀ ਤੇ ਹੋਰ ਪਤਵੰਤੇ ਹਾਜ਼ਰ ਸਨ।