
ਕਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਸਿਹਤ ਮੰਤਰੀ: ਕਾਹਲੋਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਆਜ਼ਾਦ ਗਰੁੱਪ ਮੁਹਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਿੱਧੂ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਕੇਂਦਰ ਸਰਕਾਰ ਅਤੇ ਹੋਰ ਸੰਸਥਾਵਾਂ ਵੱਲੋਂ ਆਈ ਮਦਦ ਦੀ ਢੁਕਵੀਂ ਵਰਤੋਂ ਕਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਅਣਵਰਤੇ ਹਸਪਤਾਲਾਂ ਦੇ ਸਟੋਰਾਂ ਵਿੱਚ ਰੁਲਦੇ ਰਹੇ ਪ੍ਰੰਤੂ ਸਿੱਧੂ ਵੱਲੋਂ ਵੈਂਟੀਲੇਟਰਾਂ ਦੀ ਵਰਤੋਂ ਲਈ ਤਜਰਬੇਕਾਰ ਸਟਾਫ਼ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ। ਇਸ ਕਾਰਨ ਲੋਕ ਇਲਾਜ ਦੀ ਅਣਹੋਂਦ ਕਾਰਨ ਮੌਤ ਦੇ ਮੂੰਹ ਵਿੱਚ ਗਏ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦਾ ਆਪਣਾ ਸ਼ਹਿਰ ਮੁਹਾਲੀ ਸਮੇਤ ਸਮੁੱਚਾ ਜ਼ਿਲ੍ਹਾ ਵੈਂਟੀਲੇਟਰ ਅਤੇ ਕਰੋਨਾ ਇਲਾਜ ਦੇ ਸਪੈਸ਼ਲ ਹਸਪਤਾਲ ਤੋਂ ਵਾਂਝਾ ਹੈ।
ਸ੍ਰੀ ਕਾਹਲੋਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰ ਬਿਨਾਂ ਢੁਕਵੀਂ ਤਨਖ਼ਾਹ ਤੋਂ ਨਿਰਾਸ਼ਾ ਦੇ ਆਲਮ ਵਿੱਚ ਡਿਊਟੀਆਂ ਕਰ ਰਹੇ ਹਨ। ਜਿਨ੍ਹਾਂ ’ਚੋਂ ਬਹੁਤਿਆਂ ਨੂੰ ਕਈ-ਕਈ ਮਹੀਨੇ ਤਨਖ਼ਾਹ ਨਹੀਂ ਅਤੇ ਅੱਜ ਉਹ ਵਰਕਰ ਮਜਬੂਰਨ ਸੜਕਾਂ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਸੁਧਾਰਨ ਦੀ ਬਜਾਏ ਹਰ ਢੰਗ ਨਾਲ ਆਪਣੀਆਂ ਸਿਆਸੀ ਸਰਗਰਮੀਆਂ ਵਿੱਚ ਮਗਨ ਰਹੇ। ਮਹਾਮਾਰੀ ਦੇ ਪੁਰਜ਼ੋਰ ਪ੍ਰਕੋਪ ਸਮੇਂ ਵੀ ਸ੍ਰੀ ਸਿੱਧੂ ਵੈਕਸੀਨੇਸ਼ਨ ਕੈਂਪਾਂ ਦੇ ਉਦਘਾਟਨਾਂ ਦੇ ਨਾਮ ਤੇ ਕੀਤੀ ਜਾ ਰਹੀ ਸਿਆਸਤ ਨੂੰ ਆਪਣੀ ਪ੍ਰਾਪਤੀ ਸਮਝ ਰਹੇ ਹਨ ਜਿਸ ਦੌਰਾਨ ਵੱਡੇ ਪੱਧਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਹਾਲੀ ਜ਼ਿਲੇ੍ਹ ਦਾ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਅਤੇ ਆਪਣਾ ਗੁੱਸਾ ਬੇਵੱਸ ਅਤੇ ਮਜਬੂਰ ਸ਼ਹਿਰੀਆਂ ਅਤੇ ਦੁਕਾਨਦਾਰਾਂ ’ਤੇ ਕੱਢ ਰਿਹਾ ਹੈ।