ਸਿਹਤ ਮੰਤਰੀ ਵੱਲੋਂ ਬੱਚਿਆਂ ਦੇ ਪੇਟ ਦੇ ਕੀੜੇ ਖ਼ਤਮ ਕਰਨ ਲਈ ਸੂਬਾ ਪੱਧਰੀ ਮੁਹਿੰਮ ਦਾ ਆਗਾਜ਼

ਬਾਕਰਪੁਰ ਤੋਂ ਕੀਤੀ ਸ਼ੁਰੂਆਤ, 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖਵਾਈ ਗਈ ਐਲਬੈਂਡਾਜ਼ੋਲ ਗੋਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੱਚਿਆਂ ਦੇ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਕਰਪੁਰ ਤੋਂ ਸੂਬਾ ਪੱਧਰੀ ਮੁਹਿੰਮ ਦਾ ਆਗਾਜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 1 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ। ਜਿਹੜੇ ਬੱਚੇ ਅੱਜ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਲਈ 1 ਸਤੰਬਰ ਨੂੰ ਵੀ ‘ਮੌਪ ਅੱਪ ਡੇਅ’ ਤਹਿਤ ਮੁਹਿੰਮ ਚਲਾਈ ਜਾਵੇਗੀ। ਇਹ ਗੋਲੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਸਿਹਤ ਕਾਮਿਆਂ ਰਾਹੀਂ ਮੁਫ਼ਤ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਪੇਟ ਦੇ ਕੀੜਿਆਂ ਕਾਰਨ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ ਅਤੇ ਉਨ੍ਹਾਂ ਅੰਦਰ ਖ਼ੂਨ ਦੀ ਕਮੀ ਆ ਜਾਂਦੀ ਹੈ। ਉਨ੍ਹਾਂ ਐਲਬੈਂਡਾਜ਼ੋਲ ਗੋਲੀ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਪੇਟ ਦੇ ਕੀੜਿਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਗੋਲੀ ਖਾਣਾ ਖਾਣ ਪਿੱਛੋਂ ਹੀ ਪੂਰੀ ਤਰ੍ਹਾਂ ਚੱਬ ਕੇ ਖਾਈ ਜਾਵੇ। ਇਸ ਗੋਲੀ ਦਾ ਕੋਈ ਵੀ ਦੁਰ-ਪ੍ਰਭਾਵ ਨਹੀਂ ਹੈ। ਮੰਤਰੀ ਨੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸਬੰਧਤ ਵਿਭਾਗਾਂ ਨੂੰ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਅਤੇ ਲੋਕਾਂ ਨੂੰ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਪਾਣੀ ਨਾਲ ਅੱਧੀ ਗੋਲੀ (400 ਐਮਜੀ) ਖਵਾਈ ਜਾਵੇਗੀ ਜਦਕਿ ਦੋ ਸਾਲ ਤੋਂ ਉੱਪਰਲੇ ਬੱਚਿਆਂ ਨੂੰ ਚੱਬਣ ਲਈ ਪੂਰੀ ਗੋਲੀ ਦਿੱਤੀ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਡਾ. ਜੀ.ਬੀ. ਸਿੰਘ, ਡਾ. ਅੰਦੇਸ਼ ਕੰਗ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸਹਾਇਕ ਡਾਇਰੈਕਟਰ ਡਾ. ਸੁਖਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਐਸਐਮਓ ਡਾ. ਸੁਰਿੰਦਰ ਕੌਰ, ਡਾ. ਅਨਿਲ ਵਸ਼ਿਸ਼ਟ, ਹੈਲਥ ਐਜੂਕੇਟਰ ਸਨਿਗਦਾ ਅਤੇ ਹੋਰ ਸਟਾਫ਼ ਮੌਜੂਦ ਸੀ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…