Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਨੇ ਜ਼ਰੂਰੀ ਵਸਤੂਆਂ ਦੀ ‘ਯੂਨਾਈਟਿਡ ਸਿੱਖਜ਼’ ਦੀ ਗੱਡੀ ਮੁਹਾਲੀ ਤੋਂ ਕੀਤੀ ਰਵਾਨਾ ਪੰਜਾਬ ਭਰ ਵਿੱਚ ਇਕਾਂਤਵਾਸ ਕੇਂਦਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਕਿੱਟਾਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਭਰ ਵਿੱਚ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਗਏ ਵਿਅਕਤੀਆਂ ਨੂੰ ਨਿੱਜੀ ਵਰਤੋਂ ਦੀਆਂ ਕਿੱਟਾਂ ਦੇਣ ਦੀ ‘ਯੂਨਾਈਟਿਡ ਸਿੱਖਜ਼’ ਦੀ ਵਿਸ਼ੇਸ਼ ਮੁਹਿੰਮ ਦੀ ਰਸ਼ਮੀ ਸ਼ੁਰੂਆਤ ਕੀਤੀ। ਮੰਤਰੀ ਨੇ ਅੱਜ ਇੱਥੋਂ ਦੇ ਸੈਕਟਰ-70 ਸਥਿਤ ਸਰਕਾਰੀ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਗਏ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਤੋਂ ਨਿੱਜੀ ਯੂਟੀਲਿਟੀ ਕਿੱਟਾਂ ਨਾਲ ਲੱਦੀ ਵਿਸ਼ੇਸ਼ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਦੱਸਿਆ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਜੁਟੀ ਯੂਨਾਈਟਿਡ ਸਿੱਖਜ਼ ਨੇ ਇਕਾਂਤਵਾਸ ਕੇਂਦਰਾਂ ਵਿੱਚ ਮੈਡੀਕਲ ਟੀਮਾਂ ਦੀ ਨਿਗਰਾਨੀ ਹੇਠ ਰਹਿ ਰਹੇ ਕਰੋਨਾਵਾਇਰਸ ਦੇ ਸਿਹਤਯਾਬ ਹੋ ਚੁੱਕੇ ਸ਼ੱਕੀ ਮਰੀਜ਼ਾਂ ਜਾਂ ਹੋਰਨਾਂ ਨੂੰ ਨਿੱਤ ਵਰਤੋਂ ਲਈ ਯੂਟੀਲਿਟੀ ਕਿੱਟਾਂ ਮੁਹੱਈਆ ਕਰਾਉਣ ਦਾ ਵੱਡਮੁਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਡਾਕਟਰਾਂ ਸਣੇ ਸਮੁੱਚੇ ਸਿਹਤ ਅਮਲੇ ਦੀ ਸੁਰੱਖਿਆ ਲਈ ਹੁਣ ਤੱਕ ਵੱਡੀ ਗਿਣਤੀ ਵਿੱਚ ਨਿੱਜੀ ਸੁਰੱਖਿਆ ਉਪਕਰਨ (ਪੀਪੀਈ ਕਿੱਟਾਂ) ਦਾਨ ਕਰ ਚੁੱਕੀ ਹੈ। ਇਨ੍ਹਾਂ ਕਿੱਟਾਂ ਵਿੱਚ ਮਾਸਕ, ਜੂਸ, ਬਿਸਕੁਟ, ਮੱਛਰ ਮਾਰ ਦਵਾਈ ਅਤੇ ਹੋਰ ਸਮਾਨ ਸ਼ਾਮਲ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕਰੋਨਾਵਾਇਰਸ ਦੀ ਮਹਾਮਾਰੀ ਨੂੰ ਕਾਬੂ ਹੇਠ ਲਿਆਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਕੋਵਿਡ ਕੇਅਰ ਸੈਂਟਰਾਂ ਵਿੱਚ ਮਰੀਜ਼ਾਂ ਦਾ ਸੁਚੱਜਾ ਅਤੇ ਮਿਆਰੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਵੀ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਾਰਿਆਂ ਦੇ ਮਿਲੇ-ਜੁਲੇ ਉਪਰਾਲਿਆਂ ਸਦਕਾ ਇਸ ਬਿਮਾਰੀ ਨੂੰ ਛੇਤੀ ਕਾਬੂ ਹੇਠ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਹਾਲਤ ਕਾਫੀ ਚੰਗੇ ਹਨ ਅਤੇ ਜਿਵੇਂ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ, ਉਵੇਂ ਹੁਣ ਉਸੇ ਲਗਾਤਾਰਤਾ ਵਿੱਚ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਜ਼ਿਲ੍ਹੇ ਦੇ ਕਿਸੇ ਹਸਪਤਾਲ ਵਿੱਚ ਹੁਣ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਦਾਖ਼ਲ ਨਹੀਂ ਹੈ। ਜਿਹੜੇ ਸੱਤ ਮਰੀਜ਼ ਹਨ, ਉਹ ਵੀ ਪੀਜੀਆਈ, ਰੂਪਨਗਰ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੀ ਸਰਕਾਰ ਦਾ ਸਾਥ ਦਿੰਦਿਆਂ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਯੂਨਾਇਟਿਡ ਸਿੱਖਜ਼ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੁਸ਼ਕਲ ਦੌਰ ਵਿੱਚ ਜਿੱਥੇ ਮੋਹਰੀ ਰੋਲ ਨਿਭਾ ਰਹੇ ਸਿਹਤ ਕਾਮਿਆਂ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਗਏ ਵਿਅਕਤੀਆਂ ਦੀਆਂ ਲੋੜਾਂ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਖ਼ੁਰਾਕ ਖਾਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਨਾਲ ਇਸ ਬਿਮਾਰੀ ਨੂੰ ਸਹਿਜੇ ਹੀ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਹੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ ਅਤੇ ਪੰਜਾਬ ਭਰ ਵਿੱਚ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੇ ਹਜ਼ਾਰਾਂ ਪੈਕੇਟ ਵੰਡ ਚੁੱਕੀ ਹੈ। ਇਸ ਮੌਕੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਬੀਡੀਪੀਓ ਹਿਤੇਨ ਕਪਿਲਾ, ਤਹਿਸੀਲਦਾਰ ਰਾਜਿੰਦਰ ਬਾਂਸਲ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕਾਂਗਰਸੀ ਆਗੂ ਜੀਐਸ ਰਿਆੜ ਅਤੇ ਸੰਸਥਾ ਦੇ ਨੁਮਾਇੰਦੇ ਮੇਜਰ ਸਿੰਘ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ