Nabaz-e-punjab.com

ਸਿਹਤ ਮੰਤਰੀ ਤੇ ਕੈਬਨਿਟ ਸਬ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਸਿੱਧੂ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਵਾਅਦੇ ਪੂਰੇ ਕਰਨ ਦਾ ਭਰੋਸਾ

ਮੰਗਾਂ ਪੂਰੀਆ ਨਾ ਹੋਣ’ ਤੇ ਮੁਲਾਜ਼ਮਾਂ ਵੱਲੋਂ 25 ਜੁਲਾਈ ਨੂੰ ਪਟਿਆਲਾ ਵਿੱਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਪੰਜਾਬ ਸਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਭੁੱਲ ਬੈਠੀ ਪੰਜਾਬ ਸਰਕਾਰ ਅਤੇ ਕੈਬਨਿਟ ਸਬ ਕਮੇਟੀ ਦੇ ਮੈਂਬਰ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵਾਅਦੇ ਚੇਤੇ ਕਰਵਾਉਣ ਲਈ ਅੱਜ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਇੱਥੋਂ ਫੇਜ਼-6 ਸਥਿਤ ਪੰਜਾਬ ਸਿਹਤ ਨਿਗਮ ਦੇ ਬਾਹਰ ਵੱਡੀ ਗਿਣਤੀ ਵਿੱਚ ਠੇਕਾ ਮੁਲਾਜ਼ਮ ਇਕੱਠੇ ਹੋਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।
ਇਸ ਮਗਰੋਂ ਠੇਕਾ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਦੀ ਕੋਠੀ ਕੂਚ ਕਰਨਾ ਸੀ ਪ੍ਰੰਤੂ ਮੁਲਾਜ਼ਮਾਂ ਦੀ ਇਸ ਕਾਰਵਾਈ ਦੀ ਭਿਣਕ ਲਗਦੇ ਹੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਖ਼ੁਦ ਮੁਲਾਜ਼ਮਾਂ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਤੋਂ ਯਾਦ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਨੂੰ ਲੈ ਕੇ ਗੰਭੀਰ ਹੈ ਅਤੇ ਠੇਕਾ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ’ਤੇ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਮਰਨ ਵਰਤ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਸਰਕਾਰ ਹਰ ਹਾਲ ਵਿੱਚ ਪੂਰਾ ਕਰੇਗਾ ਅਤੇ ਜਲਦੀ ਹੀ ਕੈਬਨਿਟ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 22 ਜੂਨ ਨੂੰ ਪਟਿਆਲਾ ਵਿੱਚ ਬ੍ਰਹਮ ਮਹਿੰਦਰਾ, 25 ਜੂਨ ਨੂੰ ਖਰੜ ਵਿੱਚ ਚਰਨਜੀਤ ਸਿੰਘ ਚੰਨੀ ਅਤੇ 29 ਜੂਨ ਨੂੰ ਮਨਪ੍ਰੀਤ ਸਿੰਘ ਬਾਦਲ ਨੂੰ ਯਾਦ ਪੱਤਰ ਦਿੱਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਫੈਡਰੇਸ਼ਨ ਦੇ ਆਗੂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਰਣਬੀਰ ਸਿੰਘ ਢਿੱਲੋਂ, ਹਰਭਜਨ ਸਿੰਘ ਪਿਲਖਣੀ, ਰਣਜੀਤ ਸਿੰਘ ਰਾਣਵਾਂ, ਅਸ਼ੀਸ਼ ਜੁਲਾਹਾ, ਗੁਰਮੇਲ ਸਿੰਘ, ਸੁਭਾਸ਼ ਮੋਦੀ, ਜੀਤ ਕੌਰ, ਕਰਤਾਰਪਾਲ ਸਿੰਘ, ਪਵਨ ਗਡਿਆਲ, ਅੰਮ੍ਰਿਤਪਾਲ ਸਿੰਘ, ਕ੍ਰਿਸ਼ਨ ਪ੍ਰਸਾਦਿ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਹੁਕਮਾਂ ਨੂੰ ਅਣਗੌਲਿਆ ਕਰਕੇ ਮੁਲਾਜ਼ਮਾਂ ਮੰਗਾਂ ਨੂੰ ਵਿਸਾਰਿਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਆਨਾ ਕਾਨੀ ਕੀਤੀ ਜਾ ਰਹੀ ਹੈ। ਜਿਸ ਕਰਕੇ ਕੈਬਨਿਟ ਸਬ ਕਮੇਟੀ ਦੇ ਮੈਂਬਰ ਮੰਤਰੀਆਂ ਨੂੰ ਯਾਦ ਪੱਤਰ ਦੇ ਕੇ ਵਾਅਦੇ ਚੇਤੇ ਕਰਵਾਏ ਜਾ ਰਹੇ ਹਨ।
ਸਿਹਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਫੈਡਰੇਸ਼ਨ ਦੀ ਸੂਬਾ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਤੇ ਫੈਸਲਾ ਲਿਆ ਗਿਆ ਕਿ 17 ਜੁਲਾਈ ਨੂੰ ਪਟਿਆਲਾ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਮੁਲਤਵੀ ਕਰਕੇ ਹੁਣ 25 ਜੁਲਾਈ ਨੂੰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਜਿਸ ਦੀਆ ਤਿਆਰੀਆਂ ਲਈ 17 ਜੁਲਾਈ ਨੂੰ ਪਟਿਆਲਾ, 18 ਜੁਲਾਈ ਨੂੰ ਜਲੰਧਰ ਤੇ 19 ਜੁਲਾਈ ਨੂੰ ਬਠਿੰਡਾ ਵਿੱਚ ਮੁਲਾਜ਼ਮਾਂ ਦੀ ਲਾਮਬੰਦੀ ਸਬੰਧੀ ਕੰਨਵੈਨਸ਼ਨਾਂ ਕੀਤੀਆਂ ਜਾਣਗੀਆਂ।
ਪੰਜਾਬ ਦੇ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਮਕ ਰਹੀਆਂ ਮੰਗਾਂ ਨੂੰ ਸਰਕਾਰ ਵੱਲੋਂ ਮੰਨਣ ਤੋਂ ਕੀਤੀ ਜਾ ਰਹੀ ਦੇਰੀ ਅਤੇ ਸਾਥੀ ਸੱਜਣ ਸਿੰਘ ਵੱਲੋਂ ਇਕ ਮਈ ਤੋਂ ਚੰਡੀਗੜ੍ਹ ਸ਼ੁਰੂ ਕੀਤੇ ਮਰਨ ਵਰਤ ਨੂੰ ਸਮਾਪਤ ਕਰਵਾਉਣ ਲਈ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਨਾ ਬੁਲਾਏ ਜਾਣ ਕਾਰਨ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…