
ਸਿਹਤ ਮੰਤਰੀ ਵੱਲੋਂ ਬੱਚਿਆਂ ਨੂੰ ਤੰਬਾਕੂ, ਸ਼ਰਾਬ ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
ਬੱਚਿਆਂ (ਨਾਬਾਲਗ) ਨੂੰ ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਰੋਕਣ ਲਈ, ਪੰਜਾਬ ਸਰਕਾਰ ਨੇ ‘ਜੁਵਨਾਈਲ ਜਸਟਿਸ ਐਕਟ 2015’ ( ਜੇ.ਜੇ.ਐਕਟ) ਅਤੇ ‘ਸਿਗਰਟ ਐਂਡ ਅਦਰ ਤੰਬਾਕੂ ਐਕਟ 2003’ ( ਕੋਟਪਾ) ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਬੱਚਿਆਂ ਨੂੰ ਤੰਬਾਕੂ/ਨਿਕੋਟੀਨ, ਸ਼ਰਾਬ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਵੇਚਣ ਵਾਲੀਆਂ ਵਿਰੁੱਧ ਸਖਤੀ ਨਾਲ ਕਾਰਵਾਈ ਕਰਦੇ ਹੋਏ ‘ਜੁਵਨਾਈਲ ਜਸਟਿਸ ਐਕਟ’ ਅਧੀਨ ਮਾਮਲੇ ਦਰਜ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਬੱਚਿਆਂ ਨੂੰ ਬੁਰੀ ਆਦਤਾਂ ਲਗਾਉਣ ਵਾਲੇ ਨਸ਼ੀਲੇ ਪਦਾਰਥ ਵੇਚਣਾ ਇਕ ਅਪਰਾਧ ਹੈ ਜੋ ਦੁਕਾਨਦਾਰ ਨੋਜਵਾਨ ਬੱਚਿਆਂ ਨੂੰ ਨਸ਼ੀਲੀਆਂ ਵਸਤਾਂ ਵੇਚਦੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। ਸਿਹਤ ਅਤੇ ਹੋਰ ਸਬੰਧਤ ਵਿਭਾਗ ਸੂਬੇ ਵਿਚ ਸੰਯੁਕਤ ਰੂਪ ਵਿਚ ਮੁਹਿੰਮ ਚਲਾ ਕੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ‘ਜੁਵਨਾਈਲ ਜਸਟਿਸ ਐਕਟ’ ਦੇ ਸੈਕਸ਼ਨ 77 ਅਨੁਸਾਰ ਜੇਕਰ ਕੋਈ ਵਿਅਕਤੀ, ਕਿਸੇ ਵੀ ਕਾਰਨ, ਕਿਸੇ ਬੱਚੇ ਨੂੰ ਨਸ਼ੀਲਾ ਤਰਲ ਜਾਂ ਨਸ਼ੀਲੀ ਦਵਾਈ ਜਾਂ ਤੰਬਾਕੂ ਯੁਕਤ ਪਦਾਰਥ ਜਾਂ ਫਿਰ ਨਸ਼ੀਲਾ ਪਦਾਰਥ ਬਿਨ੍ਹਾਂ ਕਿਸੇ ਵਿਧੀਵੱਧ ਮੈਡੀਕਲ ਪ੍ਰੈਕਟੀਸ਼ਨਰ ਦੀ ਪ੍ਰਵਾਨਗੀ ਤੋਂ ਦਿੰਦਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਸਜਾ ਅਤੇ 1 ਲੱਖ ਰਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਐਕਟ ਅਨੁਸਾਰ, ਬੱਚੇ ਤੋਂ ਭਾਵ ਹੈ ਕਿ ਜਿਸ ਦੀ 18 ਸਾਲ ਦੀ ਉਮਰ ਪੂਰੀ ਨਹੀਂ ਹੋਈ ਹੈ। ਉੇਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ‘ਜੁਵਨਾਈਲ ਜਸਟਿਸ ਐਕਟ’ 2015 ( ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਨੂੰ 15 ਜਨਵਰੀ, 2016 ਵਿਚ ਸਮੁਚੇ ਦੇਸ਼ ਵਿਚ ਲਾਗੂ ਕੀਤਾ ਸੀ।ਹੁਣ ਇਸ ਐਕਟ ਨੂੰ ਸਖਤੀ ਨਾਲ ਲਾਗੂ ਕਰਕੇ ਦੋਸ਼ਿਆਂ ਵਿਰੁੱਧ ਕਾਰਵਾਈ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਮਹੀਨਾਵਾਰ ਕਾਰਵਾਈ ਰਿਪੋਰਟ ਭੇਜਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਸ੍ਰੀਮਤੀ ਅੰਜਲੀ ਭਵਰਾ ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਏ.ਸੀ.ਪੀ., ਜਲੰਧਰ ਨੇ ਇਕ ਦੁਕਾਨਦਾਰ ’ਤੇ ਨਾਬਾਲਗ ਨੂੰ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਵਿਚ ‘ਜੁਵਨਾਈਲ ਜਸਟਿਸ ਐਕਟ’ 2015 ਅਧੀਨ ਮਾਮਲਾ ਦਰਜ ਕੀਤਾ ਹੈ ਜੋ ਪੰਜਾਬ ਦਾ ਪਹਿਲਾ ਮਾਮਲਾ ਹੈ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੈ।
ਇਸੇ ਹੀ ਤਰ੍ਹਾਂ ਮਹਾਰਾਸ਼ਟਰ ਅਤੇ ਹਰਿਆਣਾ ਨੇ ਵੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਉਨਾਂ ਦੱਸਿਆ ਕਿ ਇਹ ਨਸ਼ਾ-ਵਿਰੋਧੀ ਮੁਹਿੰਮ ਨੂੰ ਵੱਡੇ ਪੱਧਰ ’ਤੇ ਚਲਾ ਕੇ ਬੱਚਿਆਂ ਨੂੰ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ‘ਜੁਵਨਾਈਲ ਜਸਟਿਸ ਐਕਟ’ 2015 ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਰਜੀਵ ਭੱਲਾ, ਡਾਇਰੈਕਟਰ ਸਹਿਤ ਸੇਵਾਵਾਂ ਨੇ ਕਿਹਾ ਕਿ ਜਲੰਧਰ ਵਿਚ ਇਹ ਦਰਜ ਹੋਇਆ ਇਹ ਮਾਮਲਾ, ਬੱਚਿਆਂ ਨੂੰ ਤੰਬਾਕੂ ਪਦਾਰਥ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਲਈ ਮਿਸਾਲ ਸਾਬਤ ਹੋਵੇਗਾ।ਇਸ ਐਕਟ ਅਧੀਨ ਦੋਸ਼ੀਆਂ ’ਤੇ ਕਾਰਵਾਈ ਕਰਨ ਲਈ ਜਿਲ੍ਹਾ ਅਤੇ ਬਲਾਕ ਪੱਧਰ ’ਤੇ ਟੀਮਾਂ ਗਠਿਤ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ‘ਗਲੋਬਲ ਬਾਲਗ ਸਰਵੇ ਰਿਪੋਰਟ’ (2009-10), ਅਨੁਸਾਰ ਪੰਜਾਬ ਵਿਚ ਹਰ ਸਾਲ 1,60,000 ਬੱਚੇ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਜੱਦਕਿ ਇਕ ਅਨੁਮਾਨ ਅਨੁਸਾਰ 42 ਫੀਸਦੀ ਲੋਕ 18 ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਕਰਨ ਦੀ ਸ਼ੁਰੂਆਤ ਕਰ ਦਿੰਦੇ ਹਨ।ਜਿਸ ਉਪਰੰਤ ਹੀ ਨੋਜੁਆਨ ਬੱਚੇ ਹੋਰ ਨਸ਼ੀਲੇ ਪਦਾਰਥਾਂ ਵੱਲ ਜਾਣ ਲਈ ਉਤਸੁਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ.ਜੇ.ਐਕਟ, 2015 ਨੂੰ ਸੂਬਾ ਪੱਧਰ ’ਤੇ ਮੁਹਿੰਮ ਚਲਾ ਕੇ ਬੱਚਿਆ ਅਤੇ ਨੋਜੁਆਨਾਂ ਨੂੰ ਤੰਬਾਕੂ, ਨਸ਼ੀਲਾ ਤਰਲ ਅਤੇ ਹੋਰ ਨਸ਼ੀਲ਼ੇ ਪਦਾਰਥਾਂ ਦੀ ਆਦਤ ਲੱਗਣ ਤੋਂ ਪਹਿਲਾਂ ਹੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੰਬਾਕੂ ਜਾਂ ਹੋਰ ਪਦਾਰਥ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਆਦਤਾਂ ਛੱਡਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ।