ਸਿਹਤ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਸਕਰੀਨਿੰਗ ਕਰਨ ਦੇ ਹੁਕਮ

ਡਾਇਰੀਆ ਜਾਂ ਹੈਜ਼ੇ ਦਾ ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਣ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਆਖਿਆ ਕਿ ਬਰਸਾਤ ਦਾ ਮੌਸਮ ਦਸਤ ਅਤੇ ਹੈਜ਼ੇ ਜਿਹੀਆਂ ਬਿਮਾਰੀਆਂ ਦੇ ਅਨੁਕੂਲ ਹੋਣ ਕਾਰਨ ਸਾਨੂੰ ਪਾਣੀ ਉਬਾਲ ਕੇ ਤੇ ਠੰਢਾ ਕਰ ਕੇ ਪੀਣਾ ਅਤੇ ਖਾਣਾ ਹਮੇਸ਼ਾਂ ਤਾਜ਼ਾ ਪਕਾ ਕੇ ਖਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਿਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਡਾਇਰੀਆ ਤੇ ਹੈਜ਼ੇ ਦੇ ਕੇਸ ਸਾਹਮਣੇ ਆਏ ਹਨ, ਉਹ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਬਾਅਦ ਹੁਣ ਲਗਾਤਾਰ ਘਟ ਰਹੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਜ਼ਿਲ੍ਹੇ ਵਿੱਚ ਸਾਹਮਣੇ ਆਏ ਦਸਤ ਤੇ ਹੈਜ਼ੇ ਦੇ ਕੇਸਾਂ ਸਬੰਧੀ ਲਈ ਮੰਗਲਵਾਰ ਨੂੰ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਜਾਇਜ਼ਾ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਦਸਤ ਤੇ ਹੈਜ਼ੇ ਤੋਂ ਬਚਾਅ ਲਈ ਸਮੁੱਚੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਵਿਸ਼ੇਸ਼ ਤੌਰ ’ਤੇ ਮੈਡੀਕਲ ਟੀਮਾਂ ਰਾਹੀਂ ਸਕਰੀਨਿੰਗ ਕਰਵਾਈ ਜਾਵੇ ਅਤੇ ਇਸ ਮੰਤਵ ਲਈ ਆਈ ਐਮ ਏ ਦਾ ਸਹਿਯੋਗ ਵੀ ਲਿਆ ਜਾਵੇ।
ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜਿੱਥੇ ਵੀ ਦਸਤ ਤੇ ਹੈਜ਼ੇ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਉੱਥੇ ਤੁਰੰਤ ਪੀਣ ਵਾਲੇ ਪਾਣੀ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ, ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਜਾਣ ਕਲੋਰੀਨ ਰਾਹੀਂ ਸੋਧ ਕੇ ਪੀਣ ਅਤੇ ਖਾਣਾ ਤਾਜ਼ਾ ਪਕਾ ਕੇ ਖਾਣ ਦੀਆਂ ਮੁੱਢਲੀਆਂ ਪ੍ਰਹੇਜ਼ ਲੋੜਾਂ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪਾਣੀ ਦੇ ਮੁਕੰਮਲ ਟੈਸਟ ਕੀਤੇ ਜਾਣ ਅਤੇ ਸਪਲਾਈ ਲਾਈਨ ਦੀ ਜਾਂਚ ਕੀਤੀ ਜਾਵੇ ਕਿ ਇਸ ਵਿੱਚ ਦੂਸ਼ਿਤ ਪਾਣੀ ਦੀ ਮਿਲਾਵਟ ਤਾਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਰੈਪਿਡ ਰਿਸਪਾਂਸ ਟੀਮਾਂ ਤੋਂ ਰੋਟੇਸ਼ਨ ਅਧਾਰ ਉਤੇ ਕੰਮ ਲਿਆ ਜਾਵੇ ਅਤੇ ਮੈਡੀਕਲ ਅਤੇ ਨਰਸਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਸਰਵੇਖਣ ਅਤੇ ਜਾਗਰੂਕਤਾ ਮੁਹਿੰਮ ਵਿੱਚ ਨਾਲ ਜੋੜਿਆ ਜਾਵੇ। ਇਸ ਵੇਲੇ ਜ਼ਿਲ੍ਹੇ ਵਿੱਚ 39 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟੀਮਾਂ ਬਣਾ ਕੇ ਸਿਹਤ ਸੰਭਾਲ ਤੇ ਸਿਹਤ ਸਹੂਲਤਾਂ ਬਾਬਤ ਸਰਵੇਖਣ ਕੀਤਾ ਜਾਵੇ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਦਰਪੇਸ਼ ਹਨ, ਉਹ ਦੂਰ ਕੀਤੀਆਂ ਜਾਣ। ਇਸ ਦੇ ਨਾਲ-ਨਾਲ ਮੌਜੂਦਾ ਸਥਿਤੀ ਦਾ ਢੁੱਕਵਾਂ ਮੁਲਾਂਕਣ ਕਰ ਕੇ ਠੋਸ ਕਦਮ ਪੁੱਟੇ ਜਾਣ, ਜਿਨ੍ਹਾਂ ਨਾਲ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਢਾਈ ਲੱਖ ਕਲੋਰੀਨ ਦੀਆਂ ਗੋਲੀਆਂ ਵੰਡਣ ਦਾ ਟੀਚਾ ਹੈ, ਜਿਸ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾਵੇ। ਜਦੋਂ ਵੀ ਕੋਈ ਮਰੀਜ਼ ਹਸਪਤਾਲ ਵਿੱਚ ਆਉਂਦਾ ਹੈ ਤਾਂ ਉਸ ਦੀ ਪੂਰੀ ਸਾਂਭ ਸੰਭਾਲ ਹੋਵੇ ਤੇ ਇਸ ਬਾਬਤ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਦਸਤ ਤੇ ਹੈਜ਼ੇ ਦੇ ਕੇਸ ਸਾਹਮਣੇ ਆਏ ਹਨ, ਉਨ੍ਹਾਂ ਦੀਆਂ ਵਾਟਰ ਸਪਲਾਈ ਲਾਈਨਜ਼ ਦੀ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਾਂਚ ਕੀਤੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਪੀਣ ਵਾਲੇ ਪਾਣੀ ਵਿੱਚ ਕੋਈ ਰਲੇਵਾਂ ਨਾ ਹੋ ਰਿਹਾ ਹੋਵੇ। ਇਸ ਦੇ ਨਾਲ ਨਾਲ ਘਰਾਂ ਵਿੱਚ ਲੱਗੇ ਪੰਪਾਂ ਦੇ ਪਾਣੀ ਦੀ ਵੀ ਜਾਂਚ ਯਕੀਨੀ ਬਣਾਈ ਜਾਵੇ। ਘਰ ਘਰ ਜਾ ਰਹੀਆਂ ਟੀਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਪਾਣੀ ਉਬਾਲ ਕੇ ਪੀਣ ਤੇ ਨਾਲੇ ਤਾਜ਼ਾ ਖਾਣਾ ਹੀ ਖਾਣ। ਇਸ ਨਾਲ ਵੱਖਵੱਖ ਬਿਮਾਰੀਆਂ ਤੋਂ ਬਚਾਅ ਵਿੱਚ ਵੱਡੀ ਮਦਦ ਮਿਲੇਗੀ। ਇਸ ਦੇ ਨਾਲ ਨਾਲ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਮੱਖੀਆਂ ਤੇ ਮੱਛਰਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਬਤ ਫੌਗਿੰਗ ਸਮੇਤ ਲੋੜੀਂਦੇ ਕਦਮ ਚੁੱਕਣ ਤੇ ਨਾਲ ਹੀ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕਰਨ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਸਿਹਤ ਮੰਤਰੀ ਨੂੰ ਸਲੱਮ ਬਸਤੀਆਂ ਤੇ ਖਾਸ ਧਿਆਨ ਦੇਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਦਸਤ ਅਤੇ ਹੈਜ਼ੇ ਤੋਂ ਬਚਾਉਣ ਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੀ ਵਿਸ਼ੇਸ਼ ਯਤਨ ਕਰਨ ਲਈ ਆਖਿਆ। ਇਸ ਦੇ ਅਧਾਰ ’ਤੇ ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਖੜ੍ਹੇ ਪਾਣੀ ਦੀ ਨਿਕਾਸੀ ਤੁਰੰਤ ਕਰਵਾਉਣ ਅਤੇ ਹੋਰਨਾਂ ਸੁਝਾਵਾਂ ’ਤੇ ਅਮਲ ਕਰਨ ਦੀ ਹਦਾਇਤ ਦਿੱਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸਿਹਤ ਸੰਭਾਲ ਦੇ ਮੱਦੇਨਜ਼ਰ ਸਮੁੱਚੇ ਜ਼ਿਲ੍ਹੇ ਵਿਚਲੇ ਸਾਰੇ ਹਸਪਤਾਲ ਕਾਰਜਸ਼ੀਲ ਹਨ ਤੇ ਹੜ੍ਹਾਂ ਦੌਰਾਨ ਸਥਾਪਤ 22 ਰਾਹਤ ਕੇਂਦਰਾਂ ਵਿੱਚ ਕਰੀਬ 04 ਹਜ਼ਾਰ ਲੋਕ ਪੁੱਜੇ ਸਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤਕ 186 ਮੈਡੀਕਲ ਕੈਂਪ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੈਜ਼ੇ ਦੇ 15 ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 39 ਰੈਪਿਡ ਰਿਸਪਾਂਸ ਟੀਮਾਂ ਕਾਰਜਸ਼ੀਲ ਹਨ। ਪ੍ਰਭਾਵਿਤ ਖੇਤਰਾਂ ਵਿੱਚ ਬਦਲਵੇਂ ਕਲੋਰੀਨੇਟਿਡ ਪਾਣੀ ਦੀ ਸਪਲਾਈ ਜਾਰੀ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉਤੇ ਹੱਲ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਲੋੜੀਂਦਾ ਸਪਲਾਈ ਸਟਾਕ ਖਰੀਦਣ ਲਈ 5 ਲੱਖ ਰੁਪਏ ਸਟੇਟ ਡਿਜ਼ਾਸਟਰ ਰਿਲੀਫ਼ ਫੰਡ ਚੋਂ ਦੇਣ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਗੋਲੀਆਂ ਦੀ ਵੰਡ ਕਰਨ ਤੋਂ ਇਲਾਵਾ ਬੋਤਲਬੰਦ ਵੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਏਡੀਸੀ (ਜਨਰਲ) ਪਰਮਦੀਪ ਸਿੰਘ, ਏਡੀਸੀ (ਵਿਕਾਸ) ਅਮਿਤ ਬੈਂਬੀ, ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …