
ਸਿਹਤ ਮੰਤਰੀ ਸਿੱਧੂ ਨੇ ਪੁਲੀਸ ਨਾਲ ਮਿਲ ਕੇ ਧੱਕੇਸ਼ਾਹੀ ਦੀਆਂ ਹੱਦਾਂ ਪਾਰ ਕੀਤੀਆਂ: ਕੁਲਵੰਤ ਸਿੰਘ
ਸ਼ਿਕਾਇਤ ਤੋਂ ਬਾਅਦ ਮੁੱਢਲੀ ਜਾਂਚ ਵਿੱਚ ਆਜ਼ਾਦ ਗਰੁੱਪ ਦੇ ਦੋਸ਼ਾਂ ਦੀ ਪੁਸ਼ਟੀ ਹੋਈ
ਮੰਤਰੀ ਨੇ ਮੁਹਾਲੀ ਨੂੰ ਬਿਹਾਰ ਤੇ ਯੂਪੀ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ: ਸਾਬਕਾ ਮੇਅਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਪੀੜਤ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਥਾਨਕ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਨਗਰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਮੁਹਾਲੀ ਦੇ ਰਿਟਰਨਿੰਗ ਅਫ਼ਸਰ ’ਤੇ ਵੀ ਸੱਤਾਧਾਰੀ ਧਿਰ ਦਾ ਏਜੰਟ ਬਣ ਕੇ ਕੰਮ ਕਰਨ ਦਾ ਦੋਸ਼ ਲਾਇਆ ਹੈ ਕਿਉਂਕਿ ਸਬੰਧਤ ਅਧਿਕਾਰੀ ਨੂੰ ਪੁਰੇ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਦੇ ਬਾਵਜੂਦ ਉਨ੍ਹਾਂ ਨੇ ਤੁਰੰਤ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਉੱਚ ਅਦਾਲਤ ਦੀ ਸ਼ਰਨ ਵਿੱਚ ਜਾਣਾ ਪਿਆ।
ਅੱਜ ਬਾਅਦ ਦੁਪਹਿਰ ਇੱਥੋਂ ਦੇ ਸੈਕਟਰ-79 ਸਥਿਤ ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ, ਪਰਮਜੀਤ ਸਿੰਘ ਕਾਹਲੋਂ ਅਤੇ ਪਰਵਿੰਦਰ ਸਿੰਘ ਬੈਦਵਾਨ ਨੇ ਬੀਤੀ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕੈਬਨਿਟ ਮੰਤਰੀ ਨੇ ਆਪਣੇ ਛੋਟੇ ਭਰਾ ਨੂੰ ਜਿਤਾਉਣ ਲਈ ਹਰ ਹੀਲਾ ਵਰਤਿਆਂ ਅਤੇ ਪੁਲੀਸ ਮੁਲਾਜ਼ਮ ਮੂਕ ਦਰਸ਼ਕ ਬਦੇ ਰਹੇ। ਉਨ੍ਹਾਂ ਦੋਸ਼ ਲਾਇਆ ਨੇ ਮੰਤਰੀ ਨੇ ਆਪਣੇ ਭਰਾ ਨੂੰ ਮੇਅਰ ਬਣਾਉਣ ਦੇ ਚੱਕਰ ਵਿੱਚ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰ ਕਾਹਲੋਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹਾਲਾਂਕਿ ਸਮੇਂ ਸਮੇਂ ਵਿੱਚ ਸ੍ਰੀ ਕਾਹਲੋਂ ਪੋਲਿੰਗ ਬੂਥ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਦੇ ਤਰਲੇ ਕੱਢਦੇ ਰਹੇ ਪ੍ਰੰਤੂ ਪੁਲੀਸ ਨੇ ਉਸ ਦੀ ਇਕ ਨਹੀਂ ਸੁਣੀ।
ਸਾਬਕਾ ਮੇਅਰ ਨੇ ਕਿਹਾ ਕਿ ਮੰਤਰੀ ਨੇ ਪੁਲੀਸ ਨਾਲ ਮਿਲ ਕੇ ਆਈਟੀ ਸਿਟੀ ਮੁਹਾਲੀ ਨੂੰ ਬਿਹਾਰ ਅਤੇ ਯੂਪੀ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ਵਿੱਚ ਯੂਪੀ ਅਤੇ ਬਿਹਾਰ ਵਿੱਚ ਤਾਂ ਬੂਥਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਸੁਣਦੇ ਅਤੇ ਦੇਖਦੇ ਹੁੰਦੇ ਸੀ ਪਰ ਮੁਹਾਲੀ ਵਰਗੇ ਸ਼ਹਿਰ ਵਿੱਚ ਅਜਿਹੇ ਹਾਲਾਤ ਬਣਨ ਨਾਲ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠਣਾ ਸੁਭਾਵਿਕ ਹੈ।
ਇਸ ਮੌਕੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਆਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਗੁਰਮੀਤ ਕੌਰ, ਸਮਾਜ ਸੇਵੀ ਹਰਬਿੰਦਰ ਸਿੰਘ, ਇਸ਼ਪ੍ਰੀਤ ਸਿੰਘ ਵਿੱਕੀ, ਅਮਨ ਬੈਦਵਾਨ, ਗਗਨਪ੍ਰੀਤ ਸਿੰਘ ਬੈਂਸ, ਪ੍ਰੋ. ਮੇਹਰ ਸਿੰਘ ਮੱਲ੍ਹੀ, ਅਕਵਿੰਦਰ ਸਿੰਘ ਗੋਸਲ ਅਤੇ ਹੋਰ ਆਗੂ ਮੌਜੂਦ ਸਨ।
ਅਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ ਉਹ ਚੋਣ ਨਿਸ਼ਾਨ ‘ਬਾਲਟੀ’ ਨੂੰ ਵੋਟਾਂ ਪਾ ਕੇ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਜਾਂਚ ਵਿੱਚ ਧੱਕੇਸ਼ਾਹੀ ਸਾਬਤ ਹੋਣ ਨਾਲਅ ਸਾਰੀ ਸਥਿਤੀ ਕਲੀਅਰ ਹੋ ਗਈ ਹੈ। ਲਿਹਾਜ਼ਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।