ਸਿਹਤ ਮੰਤਰੀ ਸਿੱਧੂ ਵੱਲੋਂ ਬਾਕਰਪੁਰ ਵਿੱਚ ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਕੀਤਾ ਸਮਰਪਿਤ

ਪੰਜਾਬ ਵਿੱਚ 2820 ਸਿਹਤ ਕੇਂਦਰਾਂ ਕਾਰਜਸ਼ੀਲ, ਟੈਲੀਕੰਸਲਟੈਂਸੀ ਦੀ ਸਹੂਲਤ ਕੀਤੀ ਉਪਲਬਧ

1 ਅਪਰੈਲ ਤੋਂ ਸਮੂਹ ਸਿਹਤ ਕੇਂਦਰਾਂ ਵਿੱਚ ਵੀ ਕੀਤੀ ਜਾਵੇਗੀ ਕਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਦੀ ਲੜੀ ਤਹਿਤ ਅੱਜ ਸੂਬੇ ਭਰ ਵਿੱਚ 151 ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜੋ ਕਿ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਗੇ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਬਾਕਰਪੁਰ ਵਿਖੇ ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ 2820 ਕੇਂਦਰ ਕਾਰਜਸ਼ੀਲ ਹਨ। ਜਿਨ੍ਹਾਂ ਰਾਹੀਂ 21500 ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 516 ਡਿਸਪੈਂਸਰੀਆਂ ਨੂੰ ਵੀ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 1 ਅਪਰੈਲ ਤੋਂ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਵੀ ਕਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਲੈ ਕੇ ਲੋਕ ਖ਼ੁਦ ਤੰਦਰੁਸਤ ਰਹਿਣ ਅਤੇ ਕਰੋਨਾ ਨੂੰ ਮਾਤ ਦੇਣ ਵਿੱਚ ਸਰਕਾਰ ਨੂੰ ਸਹਿਯੋਗ ਵੀ ਦੇਣ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਦਾ ਮਿਸਾਲੀ ਵਿਕਾਸ ਕੀਤਾ ਹੈ, ਜਿਸ ਤਹਿਤ ਨਾ ਸਿਰਫ਼ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ, ਸਗੋਂ ਵੱਖ-ਵੱਖ ਸਿਹਤ ਸੇਵਾਵਾਂ ਸਬੰਧੀ ਕਰੀਬ 11 ਹਜ਼ਾਰ ਅਮਲੇ ਦੀ ਭਰਤੀ ਵੀ ਕੀਤੀ ਗਈ ਹੈ ਤੇ ਵੱਡੇ ਪੱਧਰ ਉੱਤੇ ਭਰਤੀ ਜਾਰੀ ਵੀ ਹੈ। ਇਸ ਨਾਲ ਜਿੱਥੇ ਸਿਹਤ ਸੇਵਾਵਾਂ ਵਿੱਚ ਸੁਧਾਰ ਆਇਆ ਹੈ, ਉੱਥੇ ਸਰਕਾਰ ਵੱਡੇ ਪੱਧਰ ਉਤੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਸਫ਼ਲ ਹੋਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਜਿਹੜੇ ਲੋਕਾਂ ਕੋਲ ਚੰਗੀਆਂ ਸਿਹਤ ਸੇਵਾਵਾਂ ਤੇ ਚੰਗੀ ਸਿੱਖਿਆ ਹੁੰਦੀ ਹੈ, ਉਹ ਜ਼ਿੰਦਗੀ ਵਿੱਚ ਲਗਾਤਾਰ ਤਰੱਕੀ ਕਰਦੇ ਰਹਿੰਦੇ ਹਨ। ਇਹ ਸਿਹਤ ਕੇਂਦਰ ਪਿੰਡਾਂ ਦੇ ਲੋਕਾਂ ਤੇ ਖਾਸ ਕਰ ਕੇ ਪਿੰਡਾਂ ਦੀਆਂ ਅੌਰਤਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਬਹੁਤ ਵਾਰ ਪਿੰਡਾਂ ਦੀਆਂ ਅੌਰਤਾਂ ਦੂਰ ਜਾਂ ਹੋਰਨਾਂ ਥਾਵਾਂ ਵਿਖੇ ਮੌਜੂਦ ਸਿਹਤ ਸੇਵਾਵਾਂ ਦਾ ਲਾਭ ਲੈਣ ਤੋਂ ਗੁਰੇਜ਼ ਕਰ ਜਾਂਦੀਆਂ ਹਨ। ਹੁਣ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡਾਂ ਜਾਂ ਨੇੜਲੇ ਪਿੰਡਾਂ ਵਿੱਚ ਇਨ੍ਹਾਂ ਕੇਂਦਰਾਂ ਦੇ ਰੂਪ ਵਿੱਚ ਸਿਹਤ ਸੇਵਾਵਾਂ ਮਿਲਣਗੀਆਂ ਤਾਂ ਉਹ ਇਨ੍ਹਾਂ ਸੇਵਾਵਾਂ ਦਾ ਪੂਰਨ ਲਾਭ ਲੈ ਸਕਣਗੀਆਂ। ਇਹ ਕੇਂਦਰ ਜਣੇਪੇ ਦੌਰਾਨ ਅੌਰਤਾਂ ਦੀ ਮੌਤ ਦਰ ਘਟਾਉਣ ਸਬੰਧੀ ਵੀ ਸਹਾਈ ਸਿੱਧ ਹੋਣਗੇ। ਇਸ ਦੇ ਨਾਲ ਨਾਲ ਪਿੰਡਾਂ ਦੇ ਲੋਕ ਜਿਹੜੇ ਦੂਰ ਜਾ ਕੇ ਆਪਣਾ ਰੂਟੀਨ ਚੈੱਕਅੱਪ ਕਰਵਾਉਣ ਤੋਂ ਗੁਰੇਜ਼ ਕਰ ਜਾਂਦੇ ਸਨ, ਉਹ ਵੀ ਇਨ੍ਹਾਂ ਕੇਂਦਰਾਂ ਜ਼ਰੀਏ ਰੂਟੀਨ ਚੈੱਕਅੱਪ ਕਰਵਾ ਕੇ ਤੰਦਰੁਸਤ ਰਹਿ ਸਕਣਗੇ। ਇਨ੍ਹਾਂ ਸਿਹਤ ਕੇਂਦਰਾਂ ਵਿੱਚ ਟੈਲੀਕੰਸਲਟੈਂਸੀ ਦੀ ਸਹੂਲਤ ਵੀ ਦਿੱਤੀ ਗਈ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਐਨਐਚਐਮ ਪੰਜਾਬ ਦੇ ਡਾਇਰਕੈਟਰ ਡਾ. ਅਰੀਤ ਕੌਰ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਮਓ ਡਾ. ਮਨਜੀਤ ਕੌਰ, ਆਰਐਮਓ ਡਾ. ਸਿਮਰਜੀਤ ਕੌਰ, ਡਾ. ਦਲਜੀਤ ਕੌਰ ਤੇ ਡਾ. ਰਣਜੀਤ ਕੌਰ, ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਰਣਜੀਤ ਸਿੰਘ ਤੇ ਹਰੀ ਸਿੰਘ ਪੰਚ, ਨੰਬਰਦਾਰ ਪਵਿੱਤਰ ਸਿੰਘ, ਅਜੈਬ ਸਿੰਘ ਪੰਚ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਹਰਦੀਪ ਸਿੰਘ ਸਰਪੰਚ ਸਫੀਪੁਰ, ਮੰਗਲ ਸਿੰਘ ਸਰਪੰਚ, ਬਲਵਿੰਦਰ ਸਿੰਘ ਪੰਚ, ਸਤਨਾਮ ਸਿੰਘ, ਪ੍ਰਵੀਨ ਅਖਤਰ, ਸਿਮਰਪ੍ਰੀਤ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…