ਸਿਹਤ ਮੰਤਰੀ ਸਿੱਧੂ ਨੇ ਜਗਤਪੁਰਾ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਦਾ ਰੱਖਿਆ ਨੀਂਹ ਪੱਥਰ

32 ਲੱਖ 52 ਹਜ਼ਾਰ ਰੁਪਏ ਦੀ ਲਾਗਤ ਨਾਲ 6 ਮਹੀਨੇ ’ਚ ਤਿਆਰ ਹੋਵੇਗਾ ਸਿਹਤ ਤੇ ਤੰਦਰੁਸਤੀ ਕੇਂਦਰ

ਪਿੰਡ ਪੱਧਰ ਅਤੇ ਸਲੱਮ ਇਲਾਕਿਆਂ ਤੱਕ ਸਿਹਤ ਸਹੂਲਤਾਂ ਪੁੱਜਦੀਆਂ ਕਰਨਾ ਸਰਕਾਰ ਦੀ ਤਰਹੀਜ਼: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਸਿਹਤ ਸਹੂਲਤਾਂ ਦੇਣਾ ਅਤੇ ਪਿੰਡ ਪੱਧਰ ਤੇ, ਸਲੱਮ ਇਲਾਕਿਆਂ ਵਿੱਚ ਪੁੱਜਦੀਆਂ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਖਾਸ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਦੋਂ ਇਨ੍ਹਾਂ ਸਥਿਤੀਆਂ ਨੇ ਮੈਡੀਕਲ ਤੇ ਸਿਹਤ ਢਾਂਚੇ ਵਿੱਚ ਵਧੇਰੇ ਨਿਵੇਸ਼ ਕਰਨ ਦੀ ਲੋੜ ਨੂੰ ਦਰਸਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਜਗਤਪੁਰਾ ਵਿਖੇ ਸਿਹਤ ਵਿਭਾਗ ਵੱਲੋਂ 32 ਲੱਖ 52 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸਿਹਤ ਤੇ ਤੰਦਰੁਸਤੀ ਕੇਂਦਰ (ਹੈਲਥ ਵੈਲਨੈਸ ਸੈਂਟਰ) ਦਾ ਨੀਂਹ ਪੱਥਰ ਰੱਖਣ ੳਪਰੰਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਪੰਜਾਬ ਵਿੱਚ ਬਣਾਏ ਗਏ ਸਿਹਤ ਤੇ ਤੰਦਰੁਸਤ ਕੇਂਦਰ ਦੀ ਸਲਾਹੁਣਾ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਨੇ ਨਾ ਸਿਰਫ਼ ਮਹਾਮਾਰੀ ਤੇ ਲੌਕਡਾਊਨ ਦੇ ਸਮੇਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਜ਼ਮਰਾ ਦੀਆਂ ਸੇਵਾਵਾਂ ਦਿੱਤੀਆਂ ਬਲਕਿ ਕੋਵਿਡ ਖ਼ਿਲਾਫ਼ ਜੰਗ ਵਿੱਚ ਵੀ ਵੱਡਾ ਸਹਿਯੋਗ ਦਿੱਤਾ। ਕੇਂਦਰਾਂ ਦੀਆਂ ਟੀਮਾਂ ਨੇ ਅੱਗੇ ਲੱਗ ਕੇ ਕੋਵਿਡ ਦੇ ਸ਼ੱਕੀਆਂ ਦੇ ਸੈਂਪਲ ਲਏ ਅਤੇ ਇਹ ਟੀਮਾਂ ਨਿਰੰਤਰ ਘਰਾਂ ਵਿੱਚ ਏਕਾਂਤਵਾਸ ਵਿੱਚ ਠਹਿਰੇ ਲੋਕਾਂ ਨੂੰ ਵੀ ਮਿਲਦੀਆਂ ਰਹੀਆਂ ਤਾਂ ਜੋ ਕੋਰੋਨਾ ਦੇ ਲੱਛਣ ਪਾਏ ਜਾਣ ’ਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ। ਇਨ੍ਹਾਂ ਟੀਮਾਂ ਨੇ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਲੱਭਣ ਵਿੱਚ ਵੀ ਸੇਵਾਵਾਂ ਨਿਭਾਈਆਂ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸਿਹਤ ਤੇ ਤੰਦਰੁਸਤ ਕੇਂਦਰਾਂ ਵਿੱਚ ਦਿਲ ਦੇ ਮਰੀਜ਼ਾਂ, ਸ਼ੂਗਰ, ਮੂੰਹ, ਛਾਤੀ ਜਾਂ ਸਰਵਾਈਕਲ ਦੇ ਕੈਂਸਰ ਦੇ ਮਰੀਜਾਂ ਦੀ ਸਕੀਰਨਿੰਗ ਕੀਤੀ ਜਾਂਦੀ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਸਿਹਤ ਤੇ ਵੈਲਨੈਸ ਸੈਂਟਰਾਂ ਵਿੱਚ ਟੈਲੀਮੈਡੀਸਨ ਦੀ ਵੀ ਸ਼ੁਰੂਆਤ ਕੀਤੀ ਅਤੇ ਚੰਡੀਗੜ ਦੇ ਸੈਕਟਰ 11 ਵਿਖੇ 4 ਮੈਡੀਕਲ ਅਫਸਰਾਂ ਨਾਲ ਟੈਲੀਮੈਡੀਸਨ ਦਾ ਮੁੱਖ ਕੇਂਦਰ ਸਥਾਪਿਤ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਸਿਹਤ ਤੇ ਸਿਹਤ ਤੇ ਤੰਦਰੁਸਤ ਕੇਂਦਰ ਦਾ ਸੀਐਚਓ (ਕਮਿਊਨਿਟੀ ਹੈਲਥ ਅਫਸਰ) ਵੀਡਿਓ ਕਾਲਿੰਗ ਰਾਹੀਂ ਮੁੱਖ ਕੇਂਦਰ ਦੇ ਮੈਡੀਕਲ ਅਫਸਰਾਂ ਦੇ ਸੰਪਰਕ ਵਿੱਚ ਰਹਿੰਦਾ ਹੈ। ਮੈਡੀਕਲ ਅਫਸਰ ਵਰਚੁਅਲ ਪਲੇਟਫਾਰਮ ਰਾਹੀਂ ਮਰੀਜ਼ ਨੂੰ ਦੇਖਦਾ ਹੈ ਅਤੇ ਸੰਕੇਤ ਤੇ ਲੱਛਣਾਂ ਮੁਤਾਬਕ ਦਵਾਈ ਦੱਸਦਾ ਹੈ। ਇਸ ਤੋਂ ਬਾਅਦ ਕਮਿਊਨਿਟੀ ਹੈਲਥ ਅਫਸਰ ਮਰੀਜ਼ ਨੂੰ ਈ-ਸੰਜੀਵਨੀ ਰਾਹੀਂ ਦੱਸੀ ਵਿਧੀ ਮੁਤਾਬਕ ਦਵਾਈ ਦੇ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਤੰਦਰੁਸਤ ਕੇਂਦਰ ਪਿੰਡਾਂ ਅਤੇ ਸਲੱਮ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਲਈ ਸੰਜੀਵਨੀ ਦਾ ਕੰਮ ਕਰਨਗੇ।
ਇਸ ਮੌਕੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਗਿੱਲ ਵੱਲੋਂ ਪਿੰਡ ਦੇ ਨਾਲ ਲੰਘਦੇ ਗੰਦੇ ਨਾਲੇ ਦੇ ਪਾਣੀ ਨਾਲ ਪ੍ਰਦੂਸ਼ਿਤ ਹੋ ਰਿਹੇ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ ਦੱਸਿਆ ਅਤੇ ਇਸ ਸਮੱਸਿਆ ਦੇ ਹੱਲ ਲਈ ਰੱਖੀ ਮੰਗ ਦੇ ਸਬੰਧ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਖੁਦ ਮਾਨਯੋਗ ਪੰਜਾਬ ਦੇ ਰਾਜਪਾਲ ਜੋ ਕਿ ਚੰਡੀਗੜ੍ਹ ਦੇ ਪ੍ਰਸ਼ਾਸਿਕ ਵੀ ਹਨ ਨਾਲ ਮੁਲਕਾਤ ਕਰਕੇ ਇਸ ਸਮੱਸਿਆ ਦਾ ਹੱਲ ਲੱਭਣਗੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮਹੁੱਈਆ ਕਰਨ ਲਈ ਪਿੰਡ ਵਿੱਚ ਕਰੀਬ 1200 ਫੁੱਟ ਡੂੰਘਾਈ ਤੋਂ ਪਾਣੀ ਕੱਢਣ ਲਈ ਟਿਊਬਲ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਪਿੰਡਾਂ ਦਾ ਵਿਕਾਸ ਕਰਨਾ ਉਨ੍ਹਾਂ ਦੀ ਮੁੱਢਲੀ ਤਰਹੀਜ ਹੈ। ਪਿੰਡਾਂ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਸੁਪਰਟੈਡੰਟ ਇੰਜਨੀਅਰ ਕਰਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਹ ਸਿਹਤ ਤੰਦਰੁਸਤ ਕੇਂਦਰ 6 ਮਹੀਨੇ ਵਿਚ ਤਿਆਰ ਕਰ ਦਿੱਤਾ ਜਾਵੇਗਾ। ਇਸ ਮੌਕੇ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਐਕਸੀਅਨ ਰਾਜਿੰਦਰ ਸਿੰਘ, ਬਲਾਕ ਘੰੜੂਆਂ ਪੀਐਚਸੀ ਦੇ ਐਸਐਮਓ ਡਾ. ਕੁਲਬੀਰ ਕੌਰ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ ਸਮੇਤ ਪਿੰਡ ਦੇ ਪੰਚਾਇਤ ਮੈਂਬਰ ਅਤੇ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…