ਸਿਹਤ ਮੰਤਰੀ ਸਿੱਧੂ ਨੇ ਨਗਰ ਨਿਗਮ ਨੂੰ ਸੌਂਪੀ ਨਵੀਂ ਐਂਬੂਲੈਂਸ-ਕਮ-ਫਿਊਨਰਲ ਵੈਨ

ਸਨਅਤਕਾਰਾਂ ਦੀ ਸਮਾਜ ਸੇਵੀ ਸੰਸਥਾ ਪਰਿਵਰਤਨ ਨੇ ਖ਼ਰੀਦ ਕੇ ਦਿੱਤੀ ਐਂਬੂਲੈਂਸ ਕਮ ਫਿਊਨਰਲ ਵੈਨ

ਪੰਜਾਬ ਵਿੱਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ: ਸਿੱਧੂ

ਪੰਜਾਬ ਰਾਜ ਵਿੱਚ ਸੁਰੱਖਿਆ ਕਿੱਟਾਂ, ਮਾਸਕ ਅਤੇ ਸੈਨੇਟਾਈਜਰ ਦੀ ਘਾਟ ਨਹੀਂ: ਸਿਹਤ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਨਗਰ ਨਿਗਮ ਨੂੰ ਨਵੀਂ ਐਂਬੂਲੈਂਸ ਕਮ ਫਿਊਨਰਲ ਵੈਨ ਸੌਂਪੀ ਗਈ। ਮੁਹਾਲੀ ਦੇ ਸਨਅਤਕਾਰਾਂ ਦੀ ਸਮਾਜ ਸੇਵੀ ਸੰਸਥਾ ‘ਪਰਿਵਰਤਨ’ ਨੇ ਇਹ ਵੈਨ ਖ਼ਰੀਦ ਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਸੰਸਥਾ ਇਕ ਸਕੂਲ ਵਿੱਚ ਬੁਨਿਆਦੀ ਢਾਂਚੇ ਦਾ ਸੁਧਾਰ ਕਰ ਚੁੱਕੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ ਮਹਾਮਾਰੀ ਵਿੱਚ ਹਰੇਕ ਉਹ ਵਿਅਕਤੀ ਜਾਂ ਸੰਸਥਾ ਵਧਾਈ ਦਾ ਪਾਤਰ ਹੈ ਜੋ ਆਪਣੇ ਪੱਧਰ ’ਤੇ ਲੋੜਵੰਦਾਂ ਦੀ ਮਦਦ ਲਈ ਕੋਈ ਵੀ ਉਪਰਾਲਾ ਕਰ ਰਿਹਾ ਹੈ।
ਸਿਹਤ ਵਿਭਾਗ ਵੱਲੋਂ ਕਰੋਨਾ ਦੇ ਮੱਦੇਨਜ਼ਰ ਪੰਜਾਬ ਵਿੱਚ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਸਭ ਤੋਂ ਵੱਧ ਕੋਵਿਡ ਵੈਕਸੀਨੇਸ਼ਨ ਲਗਾਈ ਗਈ ਹੈ ਅਤੇ ਸੂਬੇ ਵਿੱਚ ਕਰੋਨਾ ਖ਼ਿਲਾਫ਼ ਵਿੱਢੀ ਜੰਗ ਸਬੰਧੀ ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਲੋੜ ਅਨੁਸਾਰ ਕੋਵਿਡ ਵੈਕਸੀਨ ਮੁਹੱਈਆ ਨਾ ਕਰਵਾਏ ਜਾਣ ਕਾਰਨ ਇਸ ਵਿੱਚ ਥੋੜ੍ਹੀ ਕਮੀ ਜ਼ਰੂਰ ਆਈ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਗਲੋਬਲ ਟੈਂਡਰ ਵੀ ਕੱਢੇ ਸਨ ਪਰ ਦੋ ਕੰਪਨੀਆਂ ਨੇ ਇਹ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਹੀ ਵੈਕਸੀਨ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮੁੱਦੇ ’ਤੇ ਕੇਂਦਰ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਵਿੱਚ ਮਹਾਮਾਰੀ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਅਤੇ ਸੂਬੇ ਵਿੱਚ ਸੁਰੱਖਿਆ ਕਿੱਟਾਂ, ਮਾਸਕ ਅਤੇ ਸੈਨੇਟਾਈਜਰ ਦੀ ਘਾਟ ਨਹੀਂ ਹੈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਹੁਣ ਪਿੰਡਾਂ ਨੂੰ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਨਅਤਕਾਰਾਂ ਨੂੰ ਬੇਨਤੀ ਕੀਤੀ ਸੀ ਕਿ ਮੁਹਾਲੀ ਲਈ ਇੱਕ ਫਿਊਨਰਲ ਵੈਨ ਦਿੱਤੀ ਜਾਵੇ। ਉਨ੍ਹਾਂ ਨਵੀਂ ਐਂਬੂਲੈਂਸ ਕਮ ਫਿਊਨਰਲ ਵੈਨ ਦੇਣ ਲਈ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਬਹੁਤ ਜ਼ਿਆਦਾ ਲੋੜ ਸੀ। ਉਨ੍ਹਾਂ ਕਿਹਾ ਕਿ ਵੈਨ ਦੇ ਰੱਖ-ਰਖਾਓ ਦਾ ਕੰਮ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਵੈਨ ਲਈ ਡਰਾਈਵਰ ਦੀ ਤਾਇਨਾਤੀ ਦੇ ਨਾਲ-ਨਾਲ ਸ਼ਮਸ਼ਾਨਘਾਟ ਵਿਖੇ ਨਵੇਂ ਸ਼ੈੱਡ ਉਸਾਰੇ ਜਾ ਰਹੇ ਹਨ।
ਸੰਸਥਾ ਪਰਿਵਰਤਨ ਦੇ ਪ੍ਰਧਾਨ ਰਾਜੀਵ ਗੁਪਤਾ ਅਤੇ ਜਨਰਲ ਸਕੱਤਰ ਵਿਕਾਸ ਕੌਸ਼ਲ ਨੇ ਕਿਹਾ ਕਿ 10 ਦਿਨਾਂ ਵਿੱਚ ਇਹ ਫਿਊਨਰਲ ਵੈਨ ਤਿਆਰ ਕਰਵਾਈ ਗਈ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਐਸਈ ਸੰਜੇ ਕੰਵਰ, ਐਮਆਈਏ ਦੇ ਪ੍ਰਧਾਨ ਯੋਗੇਸ਼ ਸਾਗਰ, ਆਈਐਸ ਛਾਬੜਾ, ਸੰਜੀਵ ਗਰਗ, ਗਗਨ ਛਾਬੜਾ, ਅਨੁਰਾਗ ਅਗਰਵਾਲ, ਜੈ ਗੋਇਲ, ਮਨੀਸ਼ ਬੰਸਲ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਢੱਟ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …