Share on Facebook Share on Twitter Share on Google+ Share on Pinterest Share on Linkedin ਸਿਹਤ ਮੰਤਰੀ ਸਿੱਧੂ ਵੱਲੋਂ ਫੇਜ਼-6 ਵਿੱਚ ਬਣੇ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦਾ ਉਦਘਾਟਨ 9 ਹੋਰ ਸੇਵਾਵਾਂ ਤੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ ਅਤੇ ਰੱਖੇ ਨੀਂਹ ਪੱਥਰ ਮੁਹਾਲੀ ਸ਼ਹਿਰ ਨੇ ਬੁਨਿਆਦੀ ਢਾਂਚੇ ਪੱਖੋਂ ਵਿਸ਼ਵ ਦੇ ਮਾਨ ਚਿੱਤਰ ’ਤੇ ਬਣਾਈ ਨਿਵੇਕਲੀ ਥਾਂ: ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਵਿਖੇ ਪੰਜਾਬ ਰਾਜ ਮੈਡੀਕਲ ਕਾਲਜ, ਡਾ. ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਬਣਾਏ 100 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦੇ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 9 ਹੋਰ ਸੇਵਾਵਾਂ ਅਤੇ ਪ੍ਰਾਜੈਕਟਾਂ ਦੀ ਸ਼ੁਰੂਆਤ, ਉਦਘਾਟਨ ਅਤੇ ਨੀਂਹ ਪੱਥਰ ਰੱਖੇ। ਡੀਸੀ ਗਿਰੀਸ਼ ਦਿਆਲਨ ਅਤੇ ਐਸਐਸਪੀ ਸਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਰਕਾਰੀ ਹਸਪਤਾਲ ਫੇਜ਼-6 ਵਿਖੇ ਕਰਵਾਏ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ, ਜਦੋਂਕਿ ਬਾਕੀ 9 ਪ੍ਰਾਜੈਕਟਾਂ ਅਤੇ ਸੇਵਾਵਾਂ ਦੀ ਸ਼ੁਰੂਆਤ ਵਰਚੂਅਲ ਮਾਧਿਅਮ ਰਾਹੀਂ ਕੀਤੀ। ਇਨ੍ਹਾਂ ਵਿੱਚ ਜਨਮ ਤੇ ਮੌਤ ਦੀਆਂ ਘਟਨਾਵਾਂ ਦੀ ਆਨਲਾਈਨ ਪੋਰਟਲ ਰਾਹੀਂ ਜਾਣਕਾਰੀ ਦੇਣ ਅਤੇ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀ ਪ੍ਰਾਪਤੀ ਪ੍ਰਾਈਵੇਟ ਹਸਪਤਾਲਾਂ ਰਾਹੀਂ ਕਰਨ ਦੀ ਸਹੂਲਤ, ਪ੍ਰਵਾਸੀ ਭਾਰਤੀ ਸੈੱਲ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ, ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਪ੍ਰਾਪਤ ਕਰਨ ਲਈ ਵੈੱਬ ਪੋਰਟਲ ਦੀ ਸਹੂਲਤ, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੁਹਾਲੀ ਵਿੱਚ 183.87 ਲੱਖ ਰੁਪਏ ਨਾਲ ਆਈਟੀ ਬਲਾਕ ਦੀ ਨਵੀਂ ਇਮਾਰਤ ਦਾ ਉਦਘਾਟਨ, ਮਟੌਰ ਥਾਣਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਜ਼ੀਰਕਪੁਰ ਥਾਣੇ ਦੀ ਇਮਾਰਤ ਦਾ ਉਦਘਾਟਨ, ਛੱਤਬੀੜ ਚਿੜੀਆਘਰ ਵਿੱਚ ਡਾਇਨਾਸੋਰ ਪਾਰਕ ਤੇ ਆਊਟਰ ਹਾਊਸ ਦਾ ਉਦਘਾਟਨ ਕਰਨ ਸਮੇਤ ਜ਼ੀਰਕਪੁਰ ਵਿੱਚ ਬਣਨ ਵਾਲੇ 17 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਵਰਚੂਅਲ ਮਾਧਿਅਮ ਰਾਹੀਂ ਰੱਖਿਆ। ਸ੍ਰੀ ਸਿੱਧੂ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਮੁਹਾਲੀ ਸਮੇਤ ਸਮੁੱਚਾ ਹਲਕਾ ਤੇਜ਼ੀ ਨਾਲ ਵਿਸ਼ਵ ਦੇ ਮਾਨ ਚਿੱਤਰ ਉੱਤੇ ਵਧੀਆ ਬੁਨਿਆਦੀ ਢਾਂਚੇ ਵਾਲੇ ਸ਼ਹਿਰ ਵਜੋਂ ਆਪਣਾ ਨਾਂ ਬਣਾ ਰਿਹਾ ਹੈ। ਹੁਣ ਦੁਨੀਆ ਭਰ ਦੀਆਂ ਬਹੁ-ਕੌਮੀ ਕੰਪਨੀਆਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮੁਹਾਲੀ ਨੂੰ ਤਰਜ਼ੀਹ ਦੇ ਰਹੀਆਂ ਹਨ ਕਿਉਂਕਿ ਇੱਥੇ ਵਧੀਆ ਹਵਾਈ ਕੁਨੈਕਟੀਵਿਟੀ ਤੋਂ ਇਲਾਵਾ ਵਿਸ਼ਵ ਪੱਧਰ ਦਾ ਸੜਕੀ ਨੈੱਟਵਰਕ ਹੈ। ਸਿਹਤ ਸਹੂਲਤਾਂ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਮੁਹਾਲੀ ਹੋਰਨਾਂ ਸ਼ਹਿਰਾਂ ਤੋਂ ਤੇਜ਼ੀ ਨਾਲ ਅੱਗੇ ਨਿਕਲ ਰਿਹਾ ਹੈ। ਇੱਥੇ ਵਿਸ਼ਵ ਪੱਧਰ ਦੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਤੇ ਕਾਲਜ ਬਣ ਰਹੇ ਹਨ ਅਤੇ ਕਈ ਯੂਨੀਵਰਸਿਟੀਆਂ ਨੇ ਸ਼ਹਿਰ ਵੱਲ ਰੁਖ ਕੀਤਾ ਹੈ। ਸਿਹਤ ਮੰਤਰੀ ਨੇ ਇੱਥੇ ਬਣੇ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦੀ ਗੱਲ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਦੇਖਭਾਲ ਸਬੰਧੀ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਮੈਡੀਕਲ ਕਾਲਜ, ਡਾ. ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਸਰਕਾਰ ਵੱਲੋਂ 15 ਹਜ਼ਾਰ ਸਕੁਏਰ ਫੁੱਟ ਵਿੱਚ 100 ਬਿਸਤਰਿਆਂ ਵਾਲਾ ਅਸਥਾਈ ਹਸਪਤਾਲ ਬਣਾਇਆ ਗਿਆ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 5.67 ਕਰੋੜ ਰੁਪਏ ਹੈ। ਇਹ ਹਸਪਤਾਲ ਲੈਵਲ-2 ਅਤੇ ਲੈਵਲ-3 ਕੇਅਰ ਅਤੇ 8 ਬਿਸਤਰਿਆਂ ਵਾਲਾ ਆਈਸੀਯੂ ਕੇਅਰ ਮੁਹੱਈਆ ਕਰਵਾਏਗਾ। ਇਸ ਮੌਕੇ ਏਡੀਸੀ (ਜ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਡੀ) ਹਿਮਾਂਸ਼ੂ ਅਗਰਵਾਲ, ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਡਾ. ਵਿਜੈ ਭਗਤ, ਡਾ. ਐਚਐਸ ਚੀਮਾ, ਮੈਡੀਕਲ ਸੁਪਰਡੈਂਟ ਡਾ. ਨਵਦੀਪ ਸਿੰਘ, ਛੱਤਬੀੜ ਚਿੜੀਆਘਰ ਦੇ ਡਾਇਰੈਕਟਰ ਨਰੇਸ਼ ਮਹਾਜਨ ਅਤੇ ਡੀਡੀਪੀਓ ਸੁਖਚੈਨ ਸਿੰਘ ਪਾਪੜਾ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ