Nabaz-e-punjab.com

ਸਿਹਤ ਮੰਤਰੀ ਸਿੱਧੂ ਵੱਲੋਂ ਪਿੰਡ ਝਿਊਰਹੇੜੀ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਉਦਘਾਟਨ

ਕੂੜਾ ਕਰਕਟ ਵੱਖੋ ਵੱਖਰਾ ਕਰਨ ਲਈ ਸਾਰੇ ਘਰਾਂ ਨੂੰ ਦਿੱਤੇ ਜਾਣਗੇ ਹਰੇ ਤੇ ਨੀਲੇ ਰੰਗ ਦੇ ਕੂੜਾਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਝਿਊਰਹੇੜੀ ਵਿੱਚ ਆਪਣੀ ਕਿਸਮ ਦਾ ਪਹਿਲਾ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਡੀਡੀਪੀਓ ਡੀਕੇ ਸਾਲਦੀ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਈਓ ਰਵਿੰਦਰ ਸਿੰਘ ਸੰਧੂ ਅਤੇ ਬੀਡੀਪੀਓ ਹਿਤੇਨ ਕਪਿਲਾ ਨੇ ਵੀ ਪਿੰਡ ਵਾਸੀਆਂ ਨੂੰ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਬਾਰੇ ਜਾਗਰੂਕ ਕਰਦਿਆਂ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੂਰੇ ਪਿੰਡ ਵਿੱਚ ਹਰੇਕ ਘਰ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖਰਾ ਕਰਨ ਲਈ ਹਰੇ ਅਤੇ ਨੀਲੇ ਰੰਗ ਦੇ ਕੂੜੇਦਾਨ ਦਿੱਤੇ ਜਾਣਗੇ ਅਤੇ ਸ਼ਹਿਰਾਂ ਦੀ ਤਰਜ਼ ’ਤੇ ਰੋਜ਼ਾਨਾ ਪਿੰਡ ਦੇ ਹਰ ਘਰ ਤੋਂ ਕੂੜਾ ਇਕੱਠਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਵਾਲੀ ਥਾਂ ’ਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖਰਾ ਕਰਕੇ ਰੱਖਿਆ ਜਾਵੇਗਾ। ਗਿੱਲਾ-ਕੂੜਾ ਟੋਇਆਂ ਵਿੱਚ ਸੁੱਟਿਆ ਜਾਵੇਗਾ। ਜਿਸ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ। ਜਿਸ ਨੂੰ ਬਾਜ਼ਾਰ ਵਿੱਚ ਵੇਚਣ ਨਾਲ ਗਰਾਮ ਪੰਚਾਇਤ ਨੂੰ ਆਮਦਨ ਹੋਵੇਗੀ। ਇਸ ਤੋਂ ਇਲਾਵਾ, ਸੁੱਕੇ ਕੂੜੇ-ਕਰਕਟ ਨੂੰ ਸਕਰੈਪ ਮਾਰਕੀਟ ਵਿੱਚ ਵੇਚਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਵੀ ਪੰਚਾਇਤ ਦੀ ਆਮਦਨ ਵਧੇਗੀ। ਇਸ ਉਪਰਾਲੇ ਨਾਲ ਪਿੰਡ ਨੂੰ ਪੂਰੀ ਤਰ੍ਹਾਂ ਸਵੱਛ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਇਹ ਪ੍ਰਾਜੈਕਟ ਰਾਊਂਡ ਗਲਾਸ ਫਾਉਂਡੇਸ਼ਨ ਦੀ ਸੀਈਓ ਸ੍ਰੀਮਤੀ ਪ੍ਰੇਰਨਾ ਲਾਂਗਾ ਅਤੇ ਸਹਾਇਕ ਡਾ. ਰਜਨੀਸ਼ ਕੁਮਾਰ ਅਤੇ ਏਪੀ ਸਿੰਘ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਫਾਉਂਡੇਸ਼ਨ ਵੱਲੋਂ ਇਸ ਪ੍ਰਾਜੈਕਟ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ 148 ਨੀਲੇ ਕਾਰਡਾਂ ਦੀ ਸੂਚੀ ਵੀ ਦਿੱਤੀ ਗਈ ਅਤੇ ਲੋਕਾਂ ਨੂੰ ਸਰਬੱਤ ਸਹਿਤ ਬੀਮਾ ਯੋਜਨਾ ਦੇ ਲਾਭ ਬਾਰੇ ਵੀ ਮੰਤਰੀ ਨੇ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਹਰੇਕ ਪਰਿਵਾਰ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦਾ ਹੈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪਿੰਡ ਝਿਊਰਹੇੜੀ ਦੀ ਸਰਪੰਚ ਮਨਦੀਪ ਕੌਰ, ਪਿੰਡ ਜਗਤਪੁਰਾ ਦੇ ਸਰਪੰਚ ਰਣਜੀਤ ਸਿੰਘ ਗਿੱਲ, ਪਿੰਡ ਸ਼ਫੀਪੁਰ ਦੇ ਸਰਪੰਚ ਰਮਨਦੀਪ ਸਿੰਘ, ਪੰਚ ਜਸਵਿੰਦਰ ਸਿੰਘ, ਜਗਦੇਵ ਸਿੰਘ ਜੱਗੀ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਕੇਸਰ ਸਿੰਘ, ਰੁਪਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…