Nabaz-e-punjab.com

ਸਿਹਤ ਮੰਤਰੀ ਸਿੱਧੂ ਤੇ ਕੈਲਾਸ਼ ਸਤਿਆਰਥੀ ਨੇ ਕੀਤਾ ਨੋਬਲ ਪੁਰਸਕਾਰ ਸੀਰੀਜ਼ ਦਾ ਉਦਘਾਟਨ

ਪ੍ਰਦਰਸ਼ਨੀ ਰਾਹੀਂ ਨੋਬਲ ਪੁਰਸਕਾਰ ਜੇਤੂਆਂ ਦੇ ਯੋਗਦਾਨ ਤੇ ਸੰਘਰਸ਼ ਨੂੰ ਲੋਕਾਂ ਸਾਹਮਣੇ ਲਿਆਂਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਅੱਜ ਇੱਥੋਂ ਦੇ ਸੈਕਟਰ-81 ਸਥਿਤ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਨਾਬੀ) ਵਿੱਚ ਨੋਬਲ ਪੁਰਸਕਾਰ ਸੀਰੀਜ਼ ਦਾ ਉਦਘਾਟਨ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਪ੍ਰੋਗਰਾਮ ਜ਼ਿੰਦਗੀਆਂ ਬਚਾਉਣ, ਮਨੁੱਖਤਾ ਦਾ ਢਿੱਡ ਭਰਨ, ਧਰਤੀ ਨੂੰ ਬਚਾਉਣ ਅਤੇ ਵਿਸ਼ਵ ਨੂੰ ਜੋੜਨ ਵਰਗੇ ਮੁੱਦਿਆਂ ’ਤੇ ਹੋ ਰਿਹਾ ਹੈ, ਜੋ ਮਨੁੱਖਤਾ ਦੀ ਸੱਚੀ ਸੇਵਾ ਹੈ। ਇਹ ਪ੍ਰਦਰਸ਼ਨੀ ਇਨ੍ਹਾਂ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਨੋਬਲ ਪੁਰਸਕਾਰ ਜੇਤੂਆਂ ਦੀਆਂ ਪ੍ਰਾਪਤੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਇਕ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ‘‘ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਲੜੀ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਹੈ। ਜਿਸ ਤਹਿਤ ਮਿਲਾਵਟਖੋਰੀ ਨੂੰ ਰੋਕਣ, ਸਾਫ਼ ਸਫ਼ਾਈ ਅਤੇ ਵਾਤਾਵਰਨ ਦੀ ਸ਼ੁੱਧਤਾ ਵਰਗੇ 10 ਮੁੱਖ ਨੁਕਤਿਆਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮਿਸ਼ਨ ਦਾ ਮੰਤਵ ਲੋਕਾਈ ਨੂੰ ਪੀਣ ਲਈ ਸਾਫ਼ ਪਾਣੀ, ਸ਼ੁੱਧ ਹਵਾ, ਬਿਨਾਂ ਮਿਲਾਵਟ ਤੋਂ ਖੁਰਾਕੀ ਵਸਤਾਂ ਮੁਹੱਈਆ ਕਰਨਾ ਅਤੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਧੀਆ ਬਣਾਉਣ ਉਤੇ ਜ਼ੋਰ ਦੇਣਾ ਹੈ।’’
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਵਿਸ਼ਵ ਪੱਧਰੀ ਸਾਇੰਸ ਤੇ ਤਕਨਾਲੋਜੀ ਬਾਰੇ ਬੁਨਿਆਦੀ ਢਾਂਚਾ ਸਿਰਜਣ ਲਈ ਨਿਵੇਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ ਖੇਤਰ ਵਿੱਚ ਖੋਜਾਂ, ਮੈਡੀਕਲ ਸਿੱਖਿਆ ਅਤੇ ਮੈਡੀਕਲ ਟੂਰਿਜ਼ਮ ਨੂੰ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ‘ਹੈਲਥ ਫਾਰ ਆਲ’ ਨਾਂ ਹੇਠ ਸਭ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਨ ਦੀ ਸਕੀਮ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਮਲੇਰੀਆ, ਟੀ.ਵੀ., ਅੰਨ੍ਹਾਪਣ, ਕੋਹੜ ਅਤੇ ਏਡਜ਼ ਦੇ ਖਾਤਮੇ ਲਈ ਵੀ ਲੜਾਈ ਵਿੱਢੀ ਹੋਈ ਹੈ।
ਸਵੀਡਨ ਦੇ ਸਟਾਕਹੋਮ ਵਿੱਚ ਨੋਬਲ ਪੁਰਸਕਾਰ ਅਜਾਇਬ ਘਰ ਦੀ ਡਾਇਰੈਕਟਰ ਏਰੀਕਾ ਲੈਨਰ ਨੇ ਕਿਹਾ ਕਿ “ਮਨੁੱਖਤਾ ਅੱਜ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਚਾਹੇ ਇਹ ਗਲੋਬਲ ਵਾਰਮਿੰਗ, ਭੋਜਨ ਦੀ ਘਾਟ, ਬਿਮਾਰੀ ਜਾਂ ਟਕਰਾਵਾਂ ਦੇ ਸਬੰਧੀ ਹੋਵੇ। ਨੋਬਲ ਪੁਰਸਕਾਰ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਅੱਗੇ ਦਾ ਇਕ ਰਸਤਾ ਹੈ।
ਸਾਇੰਸ ਟੈਕਨਾਲੋਜੀ ਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਆਰਕੇ ਵਰਮਾ ਨੇ ਦੱਸਿਆ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨਾਲ ਗੱਲਬਾਤ ਅਸਲ ਵਿੱਚ ਸਾਡੇ ਨੌਜਵਾਨ ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦਿਮਾਗ ਨੂੰ ਭੜਕਾਉਣ ਵਿੱਚ ਰਾਜ ਸਰਕਾਰ ਦੇ ਦਰਸ਼ਨ ਨਾਲ ਉਨ੍ਹਾਂ ਦੇ ਕੰਮਾਂ ਨੂੰ ਇਕਸਾਰ ਕਰਨ ਵਿੱਚ ਬਹੁਤ ਮਦਦ ਕਰੇਗੀ ।
(ਬਾਕਸ ਆਈਟਮ)
ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ 50 ਸਾਲ ਦਾ ਸੁਪਨਾ ਸੀ ਕਿ ਉਹੀ ਕਿਸੇ ਨੋਬਲ ਪੁਰਸਕਾਰ ਜੇਤੂ ਨੂੰ ਛੂਹ ਸਕੇ। ਉਨ੍ਹਾਂ ਦਾ ਸੁਪਨਾ ਉਸ ਸਮੇਂ ਪੁਰਾ ਹੋਇਆ ਜਦੋਂ ਉਹ ਦਲਾਈ ਲਾਮਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਨਾਲ ਮਿਲ ਕੇ ਉਨ੍ਹਾਂ ਦੇ ਰੌਂਗੜੇ ਖੜੇ ਹੋ ਗਏ ਸੀ ਅਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਿਲੀ। ਉਨ੍ਹਾਂ ਕਿਹਾ ਕਿ ਇੱਥੇ ਹੋ ਰਹੇ ਤਿੰਨ ਰੋਜ਼ਾ ਪ੍ਰੋਗਰਾਮ ਅਤੇ ਪ੍ਰਦਰਸ਼ਨੀ ਤੋਂ ਵਿਦਿਆਰਥੀਆਂ ਨੂੰ ਕਾਫੀ ਲਾਭ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…