ਸਿਹਤ ਮੰਤਰੀ ਨੇ ਮਰੀਜ਼ਾਂ ਦਾ ਹੋਰ ਹਸਪਤਾਲਾਂ ਵਿੱਚ ਰੈਫਰ ਕਰਨ ਦੇ ਮਾਮਲਿਆਂ ਦਾ ਲਿਆ ਗੰਭੀਰ ਨੋਟਿਸ

ਸਿਵਲ ਸਰਜਨ ਮਿਆਰੀ ਸਿਹਤ ਸੇਵਾਵਾਂ ਦੁਆਰਾ ਲੋਕਾਂ ਵਿਚ ਵਿਸ਼ਵਾਸ਼ ਪੈਦਾ ਕਰਨ-ਬ੍ਰਹਮ ਮਹਿੰਦਰਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਸਤੰਬਰ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਜ ਇੱਥੇ ਸੂਬਾ ਪੱਧਰੀ ਸਮੀਖਿਆ ਮੀਟਿੰਗ ਵਿਚ ਸਿਵਲ ਸਰਜਨਾਂ ਨੂੰ ਸਰਕਾਰੀ ਹਸਪਤਾਲ ਦੇ ਮਰੀਜਾਂ ਦਾ ਹੋਰ ਹਸਪਤਾਲਾਂ ਵਿਚ ਰੈਫਰ ਕਰਨ ਦੇ ਮਾਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ, ਰੈਫਰ ਕੇਸਾਂ ਦੀ ਬਰੀਕੀ ਨਾਲ ਜਾਂਚ ਕਰਨ ਦੇ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਬ੍ਰਹਮ ਮਹਿੰਦਰਾ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਸਿਵਲ ਸਰਜਨਾਂ ਨੂੰ ਹੁਕਮ ਦਿੱਤੇ ਕਿ ਰਾਜ ਸਰਕਾਰ ਅਤੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਵਿਭਿੰਨ ਸਕੀਮਾਂ ਅਤੇ ਪ੍ਰੋਗਰਾਮ ਦੁਆਰਾ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਆਮ ਲੋਕਾਂ ਵਿਚ ਵਿਭਾਗ ਪ੍ਰਤੀ ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਜਿਲ੍ਹਾ ਪੱਧਰ ਤੋਂ ਸਿਹਤ ਸੁਵਿਧਾਵਾਂ ਸਬੰਧੀ ਮਰੀਜਾਂ ਦੇ ਅੰਕੜਿਆਂ ਸਬੰਧੀ ਅਹਿਮ ਡਾਟਾ ਸਹੀ ਢੰਗ ਨਾਲ ਨਹੀ ਭੇਜਿਆ ਜਾ ਰਿਹਾ।
ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹੈੱਡ ਕੁਆਟਰ ’ਤੇ ਭੇਜੀ ਜਾਣ ਵਾਲੀ ਸੂਚਨਾ ਅਤੇ ਜਾਣਕਾਰੀ ਦੀ ਸਮੀਖਿਆ ਨਿਜੀ ਤੌਰ ’ਤੇ ਕਰਨ ਅਤੇ ਜੇਕਰ ਅੰਕਿੜਆਂ ਵਿਚ ਕਿਸੇ ਕਿਸਮ ਗੜਬੜੀ ਜਾਂ ਗਲਤੀ ਪਾਈ ਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਸਿੱਧੇ ਤੌਰ ’ਤੇ ਸਿਵਲ ਸਰਜਨਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵਿਸ਼ੇਸ਼ ਤੌਰ ’ਤੇ ਹਸਪਤਾਲਾਂ ਦੀ ਸਫਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਹਫਤਾਵਾਰ ਮੁਹਿੰਮ ਚਲਾਉਣ ਜਿਸ ਅਧੀਨ ਅਪਰੇਸ਼ਨ ਥਿਏਟਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਅਭਿਆਨ ਅਧੀਨ ਕੀਤੀ ਗਈ ਕਾਰਗੁਜ਼ਾਰੀ ਦੀ ਫੋਟੋਗਰਾਫੀ ਕਰਕੇ ਸਟੇਟ ਹੈੱਡ ਕੁਆਟਰ ’ਤੇ ਭੇਜੀ ਜਾਵੇ ਜਿਸ ਦੁਆਰਾ ਹੋਰ ਸਰਕਾਰੀ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਵੀ ਸਫਾਈ ਅਭਿਆਨ ਪ੍ਰਤੀ ਉਤਸਾਹਿਤ ਕੀਤਾ ਜਾ ਸਕੇ।ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਡੀ ਗਿਣਤੀ ’ਚ ਸਰਕਾਰੀ ਹਸਪਤਾਲ, ਪ੍ਰਾਇਵੇਟ ਹਸਪਤਾਲਾਂ ਤੋਂ ਵੱਧਿਆ ਢੰਗ ਨਾਲ ਚਲਾਏ ਜਾ ਰਹੇ ਹਨ ਜਿਸ ਤੋਂ ਹੋਰ ਸਿਵਲ ਸਰਜਨਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਅਤੇ ਸਰਕਾਰੀ ਹਸਪਤਾਲਾਂ ਦਾ ਮਿਆਰ ਨੂੰ ਉੱਚਾ ਚੁੱਕਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਜੰਨਨੀ ਸੀਸ਼ੂ ਸੁਰੱਖਿਆ ਕਾਰਿਆਕਰਮ ਅਤੇ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕਰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਮਾਂ ਦੁਆਰਾ ਮਾਵਾਂ, ਨਵ-ਜੰਮਿਆਂ ਬੱਚਿਆਂ , ਆਂਗਣ ਵਾੜੀਆਂ ਅਤੇ ਸਕੂਲਾਂ ਵਿਚ ਪੜਦੇ ਬੱਚਿਆਂ ਦੇ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ.ਐਸ.ਐਸ.ਕੇ. ਅਤੇ ਆਰ.ਬੀ.ਐਸ ਐਸ.ਕੇ. ਪ੍ਰੋਗਰਾਮ ਨੂੰ ਵੱਧੀਆ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਕੇ ਮਾਂਵਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਅਸਾਨੀ ਨਾਲ ਘਟਾਇਆ ਜਾ ਸਕਦਾ ਹੈ। ਜਿਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੀਮਾਂ ਅਤੇ ਪ੍ਰੋਗਰਾਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਵਿਚ ਸਿਵਲ ਸਰਜਨਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਵਲੋਂ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਪਹਿਲੀ ਬਾਰ ‘ਪਾਵਰ ਪ੍ਰੈਜਨਟੇਸ਼ਨ ਵੀ ਦਿੱਤੀ ਗਈ।
ਇਸ ਦੌਰਾਨ ਸੀ.ਐਚ.ਸੀ. ਗੋਨਿਆਣਾ (ਬੰਠਿਡਾ) ਦੇ ਡਾ. ਅਨਿਲ ਗੋਇਲ ਦੀ ਵੱਧੀਆ ਕਾਰਗੁਜ਼ਾਰੀ ਲਈ ਸਿਹਤ ਮੰਤਰੀ ਨੇ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਡਾ. ਗੋਇਲ ਦੀ ਤਰ੍ਹਾਂ ਹੋਰ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਸਰਕਾਰੀ ਹਸਪਤਾਲਾਂ ਵਿਚ ਆਪਣੇ ਪੱਧਰ ’ਤੇ ਸੁਧਾਰ ਕਰਨੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵਰਾ, ਵਿਸ਼ੇਸ਼ ਸਕੱਤਰ ਬੀ. ਸ੍ਰੀਨਿਵਾਸਨ, ਮੈਨੇਜਿੰਗ ਡਾਇਰੈਕਟਰ ਵਰੁਣ ਰੂਜ਼ਮ, ਡਾਇਰੈਕਟਰ ਰਾਜੀਵ ਭੱਲਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …