Nabaz-e-punjab.com

ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਕਰੋਨਾ ਪੀੜਤ ਮਰੀਜ਼ ਦੇ ਅੰਤਿਮ ਸਸਕਾਰ ਦਾ ਵਿਰੋਧ ਨਾ ਕਰਨ ਦੀ ਅਪੀਲ

ਕਰੋਨਾ ਪੀੜਤ ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਨਾਲ ਕੋਈ ਖ਼ਤਰਾ ਨਹੀਂ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀਂ ਕਰੋਨਾਵਾਇਰਸ ਤੋਂ ਪੀੜਤ ਪ੍ਰਸਿੱਧ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਜ਼ੂਰੀ ਰਾਗੀ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਦਾ ਵਿਰੋਧ ਕਰਨਾ ਬਹੁਤ ਮਾੜੀ ਗੱਲ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਕਰੋਨਾ ਪਾਜ਼ੇਟਿਵ ਮਰੀਜ਼ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ ਹੈ। ਉਂਜ ਵੀ ਆਮ ਲੋਕਾਂ ਨੂੰ ਕਰੋਨਾ ਨੂੰ ਲੈ ਕੇ ਦਹਿਸ਼ਤ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਹੋ ਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਮੁਲਾਜ਼ਮਾਂ ਨੂੰ ਜਾਗਰੂਕ ਕਰਦਿਆਂ ਸਿਹਤ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਸਹੀ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ ਤਾਂ ਮ੍ਰਿਤਕ ਵਿਅਕਤੀ ਦੇ ਅੰਤਿਮ ਸੰਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਇੱਥੋਂ ਤੱਕ ਕਿ ਚਿਤਾ ਤੋਂ ਉੱਠਣ ਵਾਲੇ ਧੂੰਏਂ ਅਤੇ ਸਿਵਿਆਂ ਦੀ ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਥਾਂ ਦੀ ਸਫ਼ਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜ੍ਹਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਿਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ਼ ਵੱਲੋਂ ਸਧਾਰਨ ਸਾਵਧਾਨੀਆਂ ਵਰਤ ਕੇ) ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਂਜ ਸਿਹਤ ਮੰਤਰੀ ਨੇ ਏਨਾ ਜ਼ਰੂਰ ਆਖਿਆ ਕਿ ਕਰੋਨਾ ਪੀੜਤ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਅੰਤਿਮ ਸੰਸਕਾਰ/ਦਫ਼ਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ/ਦਫ਼ਨਾਉਣ ਤੋਂ ਬਾਅਦ ਹੱਥਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ਮਸ਼ਾਨਘਾਟ/ਦਫ਼ਨਾਉਣ ਵਾਲੇ ਸਥਾਨ ’ਤੇ ਵੱਡੇ ਇਕੱਠ ਤੋਂ ਸਮਾਜਿਕ ਦੂਰੀਆਂ ਦੇ ਉਪਾਅ ਵਜੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਸ਼ਾਮ ਨੂੰ ਸੂਝਵਾਨ ਲੋਕਾਂ ਦੇ ਦਖ਼ਲ ਨਾਲ ਪਿੰਡ ਫਤਹਿਗੜ੍ਹ ਸ਼ੁਕਰਚੱਕ ਨੂੰ ਜਾਂਦੀ ਸੜਕ ਨੇੜੇ ਭਾਈ ਨਿਰਮਲ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਇਸ ਘਟਨਾ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਕੋਸਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…