nabaz-e-punjab.com

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਿਹਤ ਮੰਤਰੀ ਵਿਜੈ ਸਿੰਗਲਾ ਤੇ ਓਐਸਡੀ ਗ੍ਰਿਫ਼ਤਾਰ, ਕੇਸ ਦਰਜ

ਸੈਂਟਰਲ ਫੇਜ਼-8, ਮੁਹਾਲੀ ਥਾਣੇ ਵਿੱਚ ਸੀਨੀਅਰ ਅਫ਼ਸਰਾਂ ਨੇ ਕੀਤੀ ਲੰਮੀ ਪੁੱਛਗਿੱਛ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸਈ ਰਜਿੰਦਰ ਸਿੰਘ ਦੇ ਬਿਆਨਾਂ ’ਤੇ ਹੋਈ ਵੱਡੀ ਕਾਰਵਾਈ

ਸਿੰਗਲਾ ਵੱਲੋਂ ਆਪਣੇ ਓਐਸਡੀ ਪਰਦੀਪ ਕੁਮਾਰ ਰਾਹੀਂ ਮੰਗੀ ਜਾ ਰਹੀ ਸੀ ਠੇਕੇਦਾਰਾਂ ਤੋਂ ਕਮਿਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣੇ ਕਰ ਰਹੇ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੈਬਨਿਟ ’ਚੋਂ ਬਰਖ਼ਾਸਤ ਕਰਨ ਤੋਂ ਤੁਰੰਤ ਬਾਅਦ ਹੀ ਉਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸਿੰਗਲਾ ਨੂੰ ਮੁਹਾਲੀ ਲਿਆਂਦਾ ਗਿਆ ਅਤੇ ਉਸ ਕੋਲੋਂ ਸੈਂਟਰਲ ਥਾਣਾ ਫੇਜ਼-8, ਮੁਹਾਲੀ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ ਲੰਮੀ ਪੁੱਛਗਿੱਛ ਕੀਤੀ ਗਈ। ਸ਼ਾਮ ਨੂੰ ਮੰਤਰੀ ਦੇ ਓਐਸਡੀ ਪਰਦੀਪ ਕੁਮਾਰ ਦੀ ਗ੍ਰਿਫ਼ਤਾਰੀ ਪਾ ਲਈ ਗਈ। ਕਿਹਾ ਜਾ ਰਿਹਾ ਹੈ ਕਿ ਸਿੰਗਲਾ ਆਪਣੇ ਇਸ ਓਐਸਡੀ ਰਾਹੀਂ ਰਿਸ਼ਵਤ ਮੰਗ ਰਿਹਾ ਸੀ।
ਵਿਜੈ ਸਿੰਗਲਾ ਦੇ ਖ਼ਿਲਾਫ਼ ਇਹ ਕਾਰਵਾਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ਼-6 ਦੇ ਸੁਪਰਡੈਂਟ ਇੰਜੀਨੀਅਰ (ਐਸਈ) ਰਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੰਜਾਬ ਪੁਲੀਸ ਦੇ ਐਂਟੀ ਕੁਰੱਪਸ਼ਨ ਸੈੱਲ ਵੱਲੋਂ ਕੀਤੀ ਗਈ ਹੈ। ਐਫ਼ਆਈਆਰ ਅੱਜ ਸਵੇਰੇ ਹੀ ਸਾਢੇ 11 ਵਜੇ ਦਰਜ ਕੀਤੀ ਗਈ ਹੈ ਜਦੋਂਕਿ ਮੁੱਖ ਮੰਤਰੀ ਨੇ ਦੁਪਹਿਰ ਪੌਣੇ ਇਕ ਵਜੇ ਮੰਤਰੀ ਖ਼ਿਲਾਫ਼ ਕਾਰਵਾਈ ਦਾ ਖੁਲਾਸਾ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ, ਸਟੇਟ ਕਰਾਈਮ ਵਿੰਗ, ਖ਼ੁਫ਼ੀਆ ਵਿੰਗ ਅਤੇ ਸੀਆਈਏ ਸਟਾਫ਼ ਵੀ ਆਪਣੇ ਪੱਧਰ ’ਤੇ ਪੜਤਾਲ ਵਿੱਚ ਜੁੱਟ ਗਏ ਹਨ। ਜਾਂਚ ਅਧਿਕਾਰੀ ਇਸ ਬਹੁਚਰਚਿਤ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਜਾਂਚ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਉੱਚ ਅਧਿਕਾਰੀਆਂ ਦੇ ਘਰਾਂ ਤੱਕ ਪਹੁੰਚ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਸਿੰਗਲਾ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਦੇਰ ਸ਼ਾਮ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਸਮੇਤ ਹੋਰ ਕੰਮ ਜੰਗੀ ਪੱਧਰ ’ਤੇ ਚਲ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੇ ਵਰਕ ਆਰਡਰ ਹੁਣ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਇਹ ਕੰਮ ਵੱਖ-ਵੱਖ ਠੇਕੇਦਾਰਾਂ ਨੂੰ ਸੌਂਪੇ ਗਏ ਹਨ ਅਤੇ ਮਾਰਚ ਮਹੀਨੇ ਤਕਰੀਬਨ 17 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਉਂਜ ਸਿਹਤ ਵਿਭਾਗ ਵੱਲੋਂ ਕਰੀਬ 58 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ। ਮੰਤਰੀ ਦੇ ਓਐਸਡੀ ਵੱਲੋਂ ਕਮਿਸ਼ਨ ਦੇ ਰੂਪ ਵਿੱਚ 1 ਕਰੋੜ 16 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਬਾਕਾਇਦਾ ਸਬੰਧਤ ਅਧਿਕਾਰੀਆਂ ਨੂੰ ਠੇਕੇਦਾਰਾਂ ਤੋਂ ਕਮਿਸ਼ਨ ਦੇਣ ਲਈ ਧਮਕਾਇਆ ਜਾ ਰਿਹਾ ਸੀ। ਇਨ੍ਹਾਂ ਸਾਰੇ ਦੋਸ਼ਾਂ ਬਾਰੇ ਵਿਜੈ
ਸਿੰਗਲਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਪਣੀ ਗਲਤੀ ਵੀ ਮੰਨੀ ਗਈ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਭਵਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਗੱਲਬਾਤ ਵੀ ਸੱਦਿਆਂ ਗਿਆ ਸੀ ਪ੍ਰੰਤੂ ਉਹ ਮੀਟਿੰਗ ’ਚੋਂ ਜਲਦੀ ਇਹ ਕਹਿ ਕੇ ਉੱਠ ਕੇ ਬਾਹਰ ਚਲੇ ਗਏ ਕਿ ਉਸ ਨੇ ਕਿਸੇ ਜ਼ਰੂਰੀ ਕੰਮ ਜਾਣਾ ਹੈ। ਇਸ ਲਈ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸਾਰੀ ਗੱਲਬਾਤ ਉਨ੍ਹਾਂ ਦੇ ਓਐਸਡੀ ਪਰਦੀਪ ਕੁਮਾਰ ਕਰਨਗੇ। ਮੀਟਿੰਗ ’ਚੋਂ ਜਾਣ ਸਮੇਂ ਸਿੰਗਲਾ ਨੇ ਸਪੱਸ਼ਟ ਰੂਪ ਵਿੱਚ ਕਿਹਾ ਸੀ ਕਿ ਪਰਦੀਪ ਜਿਵੇਂਕਹੇਗਾ, ਉਸੇ ਤਰ੍ਹਾਂ ਕੀਤਾ ਜਾਵੇ। ਇਸ ਮਗਰੋਂ ਓਐਸਡੀ ਲਗਾਤਾਰ ਵਸਟਐਪ ਕਾਲ ਕਰਕੇ ਅਫ਼ਸਰਾਂ ਨੂੰ ਕਮਿਸ਼ਨ ਪੁੱਜਦੀ ਕਰਨ ਲਈ ਧਮਕਾ ਰਿਹਾ ਸੀ।
ਮੰਤਰੀ ਦਾ ਓਐਸਡੀ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਨੂੰ ਧਮਕੀਆਂ ਦਿੰਦਾ ਆ ਰਿਹਾ ਸੀ। ਇਸ ਸਬੰਧੀ ਰਜਿੰਦਰ ਸਿੰਘ ਨੇ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਸੀ ਕਿ ਉਹ ਇਸੇ ਸਾਲ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਬੇਦਾਗ ਸ਼ਖ਼ਸੀਅਤ ਹਨ ਅਤੇ ਹੁਣ ਉਹ ਸੇਵਾਮੁਕਤੀ ਨੇੜੇ ਪਹੁੰਚ ਕੇ ਆਪਣੇ ਮੱਥੇ ’ਤੇ ਰਿਸ਼ਖਤਖੋਰੀ ਦਾ ਕਲੰਕ ਨਹੀਂ ਲਗਵਾ ਸਕਦੇ ਹਨ, ਪ੍ਰੰਤੂ ਓਐਸਡੀ ਉਨ੍ਹਾਂ ਨੂੰ ਵਾਰ ਵਾਰ ਸਿਵਲ ਸਕੱਤਰੇਤ ਅਤੇ ਕੋਠੀ ਸੱਦ ਕੇ ਧਮਕਾ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਵਾਰ ਤਾਂ ਵਧੀਕੀਆਂ ਤੋਂ ਤੰਗ ਆ ਕੇ ਰਜਿੰਦਰ ਸਿੰਘ ਨੇ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਸ ਨੂੰ ਨਹਿਰੀ ਵਿਭਾਗ ਵਿੱਚ ਭੇਜ ਦਿੱਤਾ ਜਾਵੇ ਅਤੇ ਸਿਹਤ ਨਿਗਮ ਵਿੱਚ ਆਪਣੇ ਕਿਸੇ ਚਹੇਤੇ ਅਫ਼ਸਰ ਨੂੰ ਡੈਪੂਟੇਸ਼ਨ ’ਤੇ ਤਾਇਨਾਤ ਕਰ ਲਿਆ ਜਾਵੇ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਇਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੋਂ ਜਾਂ ਉਨ੍ਹਾਂ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਨੰਗਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਹ ਦਾਅਵਾ ਕਰਦੇ ਸੀ ਕਿ 10 ਦਿਨਾਂ ਵਿੱਚ ਪੰਜਾਬ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਆਪ ਸਰਕਾਰ ਦੇ ਕੈਬਨਿਟ ਮੰਤਰੀ ਖ਼ੁਦ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਅਜਿਹੇ ਵਿੱਚ ਅਧਿਕਾਰੀਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।

Load More Related Articles

Check Also

ਮੇਅਰ ਜੀਤੀ ਸਿੱਧੂ ਨੇ ਮੁਹਾਲੀ ਪਿੰਡ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਮੇਅਰ ਜੀਤੀ ਸਿੱਧੂ ਨੇ ਮੁਹਾਲੀ ਪਿੰਡ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਪਿੰਡ ਵਾਸੀਆਂ ਨੂੰ ਦਰ…