nabaz-e-punjab.com

ਚੇਅਰਮੈਨੀ ਦੀ ਦੌੜ ਵਿੱਚ ਸਿਹਤ ਮੰਤਰੀ ਦੀ ਘਰਵਾਲੀ ਦੀ ਭਤੀਜੀ ਤੇ ਦੋ ਹੋਰ ਅੌਰਤਾਂ ਸਭ ਤੋਂ ਅੱਗੇ

ਚੋਣ ਤੋਂ 3 ਘੰਟੇ ਪਹਿਲਾਂ ਸਿਹਤ ਮੰਤਰੀ ਸਿੱਧੂ ਨੇ ਸੰਮਤੀ ਮੈਂਬਰਾਂ ਦੀ ਮੀਟਿੰਗ ਸੱਦੀ, ਸਾਰੇ ਮੈਂਬਰਾਂ ਨੂੰ ਸੁਨੇਹੇ ਲਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਜ਼ਿਲ੍ਹਾ ਮੁਹਾਲੀ ਦੀ ਖਰੜ ਬਲਾਕ ਸਮਿਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਭਲਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਦੇ ਦਫ਼ਤਰ ਸਥਿਤ ਪੰਚਾਇਤੀ ਸਮਿਤੀ ਦਫ਼ਤਰ ਵਿੱਚ 7 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਚੋਣ ਖਰੜ ਦੇ ਐਸਡੀਐਮ ਵਿਨੋਦ ਕੁਮਾਰ ਬਾਂਸਲ ਦੀ ਨਿਗਰਾਨੀ ਹੇਠ ਹੋਵੇਗੀ। ਕੁੱਲ 25 ਬਲਾਕ ਸਮਿਤੀ ਦੇ ਮੈਂਬਰ ਹਨ। ਜਿਨ੍ਹਾਂ ਵਿੱਚ ਮੁਹਾਲੀ ਤਹਿਸੀਲ, ਖਰੜ ਅਤੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਧੀਨ ਆਉਂਦੇ ਘੜੂੰਆਂ ਕਾਨੂੰਗੋਈ ਦੇ ਪਿੰਡਾਂ ’ਚੋਂ ਚੁਣੇ ਗਏ ਨੁਮਾਇੰਦੇ ਸ਼ਾਮਲ ਹਨ। ਸ੍ਰੀ ਬੈਂਸ ਨੇ ਦੱਸਿਆ ਕਿ ਬਲਾਕ ਸਮਿਤੀ ਦੀ ਚੇਅਰਮੈਨੀ ਅੌਰਤ ਜਨਰਲ ਲਈ ਰਾਖਵੀਂ ਹੈ ਜਦੋਂਕਿ ਵਾਈਸ ਚੇਅਰਮੈਨ ਜਨਰਲ ਪੁਰਸ਼ ਲਈ ਰਾਖਵਾਂ ਦੱਸਿਆ ਗਿਆ ਹੈ।
ਉਧਰ, ਇਸ ਚੋਣ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪਲੜਾ ਭਾਰੀ ਰਹਿਣ ਦੇ ਚਰਚੇ ਹਨ। ਮੁਹਾਲੀ ਤੋਂ ਸਿੱਧੂ ਕੋਲ 10 ਸਮਿਤੀ ਮੈਂਬਰ ਹਨ।
ਜਿਨ੍ਹਾਂ ’ਚੋਂ ਤਿੰਨ ਅੌਰਤਾਂ ਕਮਲਜੀਤ ਕੌਰ ਬੜਮਾਜਰਾ, ਰਣਬੀਰ ਕੌਰ ਬੜੀ ਅਤੇ ਕਰਮਜੀਤ ਕੌਰ ਰਾਏਪੁਰ ਕਲਾਂ ਦਾ ਨਾਂਅ ਚੇਅਰਪਰਸਨ ਦੇ ਅਹੁਦੇ ਲਈ ਸਭ ਤੋਂ ਉੱਤੇ ਹੈ। ਇਨ੍ਹਾਂ ’ਚੋਂ ਕਮਲਜੀਤ ਕੌਰ ਬੜਮਾਜਰਾ ਸਿਹਤ ਮੰਤਰੀ ਦੀ ਨਜ਼ਦੀਕੀ ਰਿਸ਼ਤੇਦਾਰੀ ’ਚੋਂ ਹੈ। ਦੱਸਿਆ ਜਾ ਰਿਹਾ ਹੈ ਬੜਮਾਜਰਾ ਵਾਲੀ ਬੀਬੀ ਸ੍ਰੀਮਤੀ ਸਿੱਧੂ ਦੀ ਰਿਸ਼ਤੇਦਾਰੀ ’ਚੋਂ ਭਤੀਜੀ ਲੱਗਦੀ ਹੈ। ਉਧਰ, ਮੁਹਾਲੀ ਦੇ ਇਕ ਮੈਂਬਰ ਵੱਲੋਂ ਕੁਝ ਖਾਸ ਕਾਂਗਰਸੀ ਆਗੂਆਂ ਨੂੰ ਪਿਛਲੀ ਦਿਨੀਂ ਐਪਲ ਦੇ ਫੋਨ ਵੀ ਦਿੱਤੇ ਹਨ। ਜਿਸ ਕਰਕੇ ਇਹ ਵੀ ਚਰਚਾ ਪੁਰੇ ਜ਼ੋਰਾਂ ’ਤੇ ਹੈ ਕਿ ਐਪਲ ਦੇ ਫੋਨ ਵੰਡਣ ਵਾਲੇ ਆਗੂ ਦੀ ਘਰਵਾਲੀ ਦੀ ਲਾਟਰੀ ਨਿਕਲ ਸਕਦੀ ਹੈ।
ਖਰੜ ਦੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਕੋਲ ਵੀ ਛੇ ਮੈਂਬਰ ਹਨ। ਜਿਨ੍ਹਾਂ ’ਚੋਂ ਪਿੰਡ ਸਵਾੜਾ ਤੋਂ ਜਿੱਤੀ ਇਕ ਅੌਰਤ ਦਾ ਨਾਂਅ ਵੀ ਚੇਅਰਮੈਨੀ ਲਈ ਲਿਆ ਜਾ ਰਿਹਾ ਹੈ ਜਦੋਂਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਆਉਂਦੇ ਘੜੂੰਆਂ ਕਾਨੂੰਗੋਈ ’ਚੋਂ ਵੀ ਤਿੰਨ ਮੈਂਬਰ ਹਨ। ਜਦੋਂਕਿ ਖਰੜ ਬਲਾਕ ’ਚੋਂ ਤਿੰਨ ਅਕਾਲੀ ਅਤੇ ਇਕ ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਸੀ। ਜੇਕਰ ਵੋਟਾਂ ਪੈਂਦੀਆਂ ਹਨ ਤਾਂ ਹਲਕਾ ਵਿਧਾਇਕ ਕੰਵਰ ਸੰਧੂ ਵੀ ਵੋਟ ਪਾਉਣ ਦਾ ਅਧਿਕਾਰ ਹਾਸਲ ਹੈ।
ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਲਕੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਤੋਂ ਪਹਿਲਾਂ ਦੁਪਹਿਰ 12 ਵਜੇ ਆਪਣੇ ਸਾਰੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ। ਇਸ ਸਬੰਧੀ ਅੱਜ ਸਾਰੇ ਮੈਂਬਰਾਂ ਨੂੰ ਫੋਨ ’ਤੇ ਮੀਟਿੰਗ ਸਬੰਧੀ ਸੁਨੇਹੇ ਲਗਾਏ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਚੋਣ ਸਬੰਧੀ ਚਰਚਾ ਕੀਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਦੀ ਚਿੱਠੀ ’ਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦਾ ਨਾਂ ਨਿਕਲੇਗਾ ਅਤੇ ਇਹ ਚੋਣ ਸਰਬਸੰਮਤੀ ਨਾਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…