ਮੈਡੀਕਲ ਕੈਂਪ ਵਿੱਚ 250 ਲੋਕਾਂ ਦੀ ਸਿਹਤ ਦੀ ਜਾਂਚ, ਮੁਫ਼ਤ ਦਵਾਈਆਂ ਦਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਸਥਿਤ ਗੁਰਦੁਆਰਾ ਸੰਤ ਬਾਬਾ ਸਮੀਰ ਸਿੰਘ ਜੀ ਦੇ ਵਿਹੜੇ ਵਿੱਚ ਚਲਦੇ ਬਾਲ ਭਵਨ ਹਾਈ ਸਕੂਲ ਵਿੱਚ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਨੰਬਰਦਾਰਾਂ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨੰਬਰਦਾਰ ਸ੍ਰੀ ਤਰਲੋਚਨ ਸਿੰਘ ਮਾਨ ਨੇ ਕੀਤਾ। ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੇ ਮੈਡੀਕਲ ਕੈਂਪ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਜ਼ਿਆਦਾਤਰ ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਜਿਸ ਕਾਰਨ ਗ਼ਰੀਬ ਲੋਕ ਆਪਣੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਕਿਉਂਕਿ ਸਰਕਾਰਾਂ ਵੱਲੋਂ ਵੀ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਲੋਕਾਂ ਦੀ ਲੋੜ ਅਨੁਸਾਰ ਦਵਾਈਆਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਹਨ ਅਤੇ ਨਾ ਹੀ ਲੈਬਾਰਟਰੀ ਹੀ ਸਥਾਪਿਤ ਕੀਤੀਆਂ ਗਈਆਂ ਹਨ।
ਸ੍ਰੀ ਮਾਨ ਕਿਹਾ ਕਿ ਜਲਦੀ ਹੀ ਨੰਬਰਦਾਰ ਯੂਨੀਅਨ ਦਾ ਇੱਕ ਵਫ਼ਦ ਸਿਹਤ ਮੰਤਰੀ ਨੂੰ ਮਿਲੇਗਾ ਅਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਵੱਖ ਵੱਖ ਬੀਮਾਰੀਆਂ ਦੇ ਮਾਹਰਾਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ ਖਾਲੀ ਅਸਾਮੀਆਂ ਭਰਨ ਅਤੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਲੈਬਾਰਟਰੀ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 250 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਗਈਆਂ। ਸ੍ਰੀ ਮਾਨ ਨੇ ਦੱਸਿਆ ਕਿ ਕੈਂਪ ਵਿੱਚ ਇੱਕ ਵੀ ਮਰੀਜ਼ ਕੈਂਸਰ ਤੋਂ ਪੀੜਤ ਨਹੀਂ ਮਿਲਿਆ ਹੈ। ਇਸ ਮੌਕੇ ਸਮਾਜ ਸੇਵੀ ਬੀ.ਸੀ. ਪ੍ਰੇਮੀ, ਪ੍ਰਿਤਪਾਲ ਸਿੰਘ, ਜਥੇਦਾਰ ਪੂਰਨ ਸਿੰਘ, ਪ੍ਰੇਮ ਸਿੰਘ, ਸਤਨਾਮ ਸਿੰਘ ਮਾਨ, ਮਹਿਲਾ ਆਗੂ ਬੀਬੀ ਕੁਲਵੰਤ ਕੌਰ ਮਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …