Share on Facebook Share on Twitter Share on Google+ Share on Pinterest Share on Linkedin ਸਿਹਤ ਵਿਭਾਗ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਵੀ ਸਿਹਤ ਕਾਮਿਆਂ ਦਾ ਮਰਨ ਵਰਤ ਜਾਰੀ ਸਿਵਲ ਸਰਜਨ ਦਫ਼ਤਰ ਦੇ ਬਾਹਰ ਮਲਟੀਪਰਪਜ਼ ਹੈਲਥ ਵਰਕਰਾਂ ਦੀ ਹੜਤਾਲ ਛੇਵੇਂ ਦਿਨ ’ਚ ਦਾਖ਼ਲ ਜੇ ਮਰਨ ਵਰਤ ’ਤੇ ਬੈਠੇ ਸਿਹਤ ਕਾਮਿਆਂ ਦੀ ਸਿਹਤ ਵਿਗੜੀ ਤਾਂ ਸਿਹਤ ਮੰਤਰੀ ਹੋਣਗੇ ਜ਼ਿੰਮੇਵਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਪ੍ਰੋਬੇਸ਼ਨਰ ਸਿਹਤ ਕਰਮਚਾਰੀ (ਮੇਲ) ਵੱਲੋਂ ਮੁਹਾਲੀ ਦੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਸੋਮਵਾਰ ਨੂੰ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ, ਜਤਿਨ ਸ਼ਰਮਾ, ਲਖਵੰਤ ਸਿੰਘ ਮਰਨ ਵਰਤ ’ਤੇ ਬੈਠੇ ਹਨ। ਹੱਡ ਚੀਰਵੀਂ ਠੰਢ ਵਿੱਚ ਧਰਨਾ ਦੇ ਰਹੇ ਸਿਹਤ ਕਾਮਿਆਂ ਦੀ ਹਾਲਤ ਨੂੰ ਦੇਖਦੇ ਹੋਏ ਅੱਜ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਅਤੇ ਸਿਵਲ ਸਰਜਨ ਡਾ. ਜੀਬੀ ਸਿੰਘ ਨੇ ਪ੍ਰਦਰਸ਼ਨਕਾਰੀ ਹੈਲਥ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਅਧਿਕਾਰੀਆਂ ਨੇ ਹੜਤਾਲੀ ਕਾਮਿਆਂ ਨੂੰ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੰਦੇ ਹੋਏ ਧਰਨਾ ਚੁੱਕਣ ਦੀ ਅਪੀਲ ਕੀਤੀ ਪ੍ਰੰਤੂ ਸਿਹਤ ਕਰਮਚਾਰੀਆਂ ਨੇ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਈ ਲਿਖਤੀ ਭਰੋਸਾ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਮਿਲਣ ਲਈ ਰਾਜ਼ੀ ਨਹੀਂ ਹੁੰਦੇ, ਉਦੋਂ ਤੱਕ ਮਰਨ ਵਰਤ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪਹਿਲਾਂ ਉਲੀਕੇ ਪ੍ਰੋਗਰਾਮ ਮੁਤਾਬਕ ਭਲਕੇ 22 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਇਕੱਠ ਕਰਕੇ ਗੁਪਤ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਹਤ ਮੰਤਰੀ ਵੱਲੋਂ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ ਦੇ ਭਰੋਸੇ ’ਤੇ ਕਰੋਨਾ ਮਹਾਮਾਰੀ ਦੌਰਾਨ ਸਾਲ ਭਰ ਤੋਂ ਦਿਨ ਰਾਤ ਫਰੰਟ ਲਾਈਨ ’ਤੇ ਕਰੋਨਾ ਯੋਧੇ ਬਣ ਸਿਰਫ਼ ਬੇਸਿਕ ਪੇਅ (10300 ਰੁਪਏ ਪ੍ਰਤੀ ਮਹੀਨਾ) ਤਨਖ਼ਾਹ ’ਤੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਕੋਵਿਡ ਮਹਾਮਾਰੀ ਕਾਰਨ ਪੰਜਾਬ ਵਿੱਚ ਐਪੀਡੈਮਿਕ ਐਕਟ ਲਾਗੂ ਹੈ ਅਤੇ ਸਮੁੱਚੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਸਿਹਤ ਕਰਮੀ ਨਿਗੂਣੀਆਂ ਤਨਖ਼ਾਹਾਂ ਮਿਲਣ ਦੇ ਬਾਵਜੂਦ 24 ਘੰਟੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਫਾਲੋਅਪ, ਕੰਟੈਕਟ ਟਰੇਸਿੰਗ, ਸੈਂਪਲਿੰਗ ਕਾਰਜ ਨੇਪਰੇ ਚੜ੍ਹਾਉਣ, ਏਅਰਪੋਰਟ ਡਿਊਟੀਆਂ, ਵੀਆਈਪੀ ਅਤੇ ਵੀਵੀਆਈਪੀ ਡਿਊਟੀਆਂ, ਕੰਟਰੋਲ ਰੂਮ ਡਿਊਟੀਆਂ, ਹਰ ਤਰ੍ਹਾਂ ਦੀ ਮੁੱਢਲੀ ਸਕਰੀਨਿੰਗ ਡਿਊਟੀ ਦੇ ਨਾਲ-ਨਾਲ ਕੰਟੇਨਮੈਂਟ ਜ਼ੋਨ ਅਤੇ ਕੋਵਿਡ ਮ੍ਰਿਤਕ ਸਰੀਰਾਂ ਦੇ ਅੰਤਿਮ ਸੰਸਕਾਰ ਆਦਿ ਗਤੀਵਿਧੀਆਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਕਰ ਰਹੇ ਹਨ। ਇਹੀ ਇਹੀ ਉਨ੍ਹਾਂ ਦੇ ਕਈ ਸਾਥੀ ਡਿਊਟੀ ਦੌਰਾਨ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਧਰਨਾਕਾਰੀਆਂ ਨੇ ਸਿਹਤ ਮੰਤਰੀ ਦੇ ਵਾਅਦੇ ਵਫ਼ਾ ਨਾ ਹੋਣ ਕਾਰਨ ਸਮੁੱਚੇ ਪੰਜਾਬ ਭਰ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਖ ਕਾਲ ਦਾ ਸਮਾਂ 2 ਸਾਲ ਕਰਨ ਸਬੰਧੀ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਨਹੀਂ ਕੀਤਾ ਜਾਂਦਾ। ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸੂਬੇ ਦੀਆਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਕੇ ਸੂਬੇ ਦੀਆਂ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਰਨ ਵਰਤ ’ਤੇ ਬੈਠੇ ਵਰਕਰਾਂ ਦੀ ਸਿਹਤ ਵਿਗੜਦੀ ਹੈ ਤਾਂ ਸਿਹਤ ਮੰਤਰੀ ਜ਼ਿੰਮੇਵਾਰ ਹੋਣਗੇ। ਅੱਜ ਜ਼ਿਲ੍ਹਾ ਮੁਹਾਲੀ, ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਬਠਿੰਡਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਹਤ ਕਰਮਚਾਰੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ