
ਮੁਹਾਲੀ ਜ਼ਿਲ੍ਹੇ ਵਿੱਚ ਤੰਦਰੁਸਤ ਪੰਜਾਬ ਸਿਹਤ ਕੇਂਦਰ ਸਥਾਪਿਤ, ਅਗਲੇ ਮਹੀਨੇ ਤੱਕ 34 ਹੋਰ ਕੀਤੇ ਜਾਣਗੇ ਤਿਆਰ: ਡੀਸੀ
ਡਾਕਟਰਾਂ, ਪੈਰਾ ਮੈਡੀਕਲ ਅਤੇ ਪਤਵੰਤਿਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਸਮਾਰੋਹ ’ਚ ਕੀਤੀ ਸ਼ਿਰਕਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੂਅਲ ਢੰਗ ਨਾਲ ਕੀਤਾ ਰਸਮੀ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੂਅਲ ਉਦਘਾਟਨ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਮੁਹਾਲੀ ਨੂੰ 8 ਤੰਦਰੁਸਤ ਪੰਜਾਬ ਸਿਹਤ ਕੇਂਦਰ ਪ੍ਰਾਪਤ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਵੀਡੀਓ ਕਾਨਫਰੰਸ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਸੂਬੇ ਦੇ ਸਾਰੇ ਸਿਹਤ ਉਪ ਕੇਂਦਰਾਂ ਨੂੰ ਪੜਾਅਵਾਰ ਢੰਗ ਨਾਲ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਜੋਂ ਤਬਦੀਲ ਕਰ ਰਹੀ ਹੈ। ਇਸ ਤਹਿਤ ਘੜੂੰਆਂ ਵਿੱਚ 3 ਅਤੇ ਡੇਰਾਬਾਸੀ ਵਿੱਚ 5 ਸਿਹਤ ਅਤੇ ਤੰਦਰੁਸਤੀ ਕੇਂਦਰ, ਜਿਨ੍ਹਾਂ ਵਿੱਚ ਪਿੰਡ ਸਨੇਟਾ, ਕੁਰੜੀ, ਗੜਾਂਗਾ, ਈਸਾਪੁਰ, ਧਰਮਗੜ੍ਹ, ਜਵਾਹਰਪੁਰ, ਕਰਾਲਾ ਅਤੇ ਭਾਂਖਰਪੁਰ ਵਿੱਚ 1-1 ਕੇਂਦਰ ਸ਼ਾਮਲ ਹਨ, ਦੀ ਅਪਗ੍ਰੇਡੇਸ਼ਨ ਅਤੇ ਮੁਰੰਮਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਸੰਬਰ ਦੇ ਅੰਤ ਤੱਕ 34 ਹੋਰ ਅਜਿਹੇ ਸਿਹਤ ਅਤੇ ਤੰਦਰੁਸਤੀ ਕੇਂਦਰ/ਤੰਦਰੁਸਤ ਪੰਜਾਬ ਸਿਹਤ ਕੇਂਦਰ ਲੋਕਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹੋ ਜਾਣਗੇ।
ਸ੍ਰੀ ਦਿਆਲਨ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਅਫ਼ਸਰਾਂ, ਮਲਟੀਪਰਪਜ਼ ਹੈਲਥ ਵਰਕਰਾਂ (ਪੁਰਸ਼ ਤੇ ਮਹਿਲਾ) ਅਤੇ ਆਸ਼ਾ ਵਰਕਰਾਂ ਵੱਲੋਂ ਚਲਾਏ ਜਾਣ ਵਾਲੇ ਇਨ੍ਹਾਂ ਕੇਂਦਰਾਂ ਵਿੱਚ 27 ਪ੍ਰਕਾਰ ਦੀਆਂ ਮੁਫ਼ਤ ਦਵਾਈਆਂ, 6 ਡਾਇਗਨਾਸਟਿਕ ਟੈੱਸਟ ਅਤੇ ਟੈਲੀਫੋਨ ਤੇ ਸਿਹਤ ਸਲਾਹ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਈਪਰਟੈਨਸ਼ਨ, ਸ਼ੂਗਰ ਰੋਗ ਲਈ ਓਪੀਡੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਹਰੇਕ ਕੇਂਦਰ ਵਿੱਚ ਹਰ ਹਫ਼ਤੇ ਤੰਦਰੁਸਤੀ ਦੀਆਂ ਗਤੀਵਿਧੀਆਂ ਜਿਵੇਂ ਕਿ ਯੋਗਾ ਅਤੇ ਟਰਾਂਸਫੈਟ ਮੁਕਤ ਤਿਉਹਾਰ, ਤੰਬਾਕੂ ਰੋਕਥਾਮ ਵਰਗੇ ਸਿਹਤ ਜਾਗਰੂਕਤਾ ਸੈਸ਼ਨ ਕਰਵਾਏ ਜਾਣਗੇ।
ਡੀਸੀ ਨੇ ਕਿਹਾ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੂਜੀ ਲਹਿਰ ਆਉਣ ਦੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਵਾਇਰਸ ਫੈਲਣ ਦੀ ਹਾਲਤ ਵਿੱਚ ਕੋਵਿਡ-19 ਨਾਲ ਨਜਿੱਠਣ ਵਿੱਚ ਮਦਦਗ਼ਾਰ ਸਾਬਤ ਹੋਣਗੇ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਸਬੰਧੀ ਸੁਰੱਖਿਆ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਅਪੀਲ ਵੀ ਕੀਤੀ। ਡਿਜੀਟਲ ਲਾਂਚ ਸਮਾਰੋਹ ਦੌਰਾਨ ਕਈ ਸਿਹਤ ਕਰਮਚਾਰੀਆਂ ਨੇ ਕੋਵਿਡ ਸਬੰਧੀ ਕੀਤੇ ਪ੍ਰਬੰਧਾਂ ਅਤੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਆਪਣੇ ਤਜਰਬੇ ਸਾਂਝੇ ਕੀਤੇ। ਸਰਕਾਰੀ ਹਸਪਤਾਲ ਮੁਹਾਲੀ ਦੇ ਡਾ. ਰਾਜਿੰਦਰ ਭੂਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ, ਸ਼ੁਰੂਆਤੀ ਖ਼ਦਸ਼ਿਆਂ, ਚੁਣੌਤੀਆਂ ਅਤੇ ਸਫਲਤਾ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਵੱਖ-ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਉਦਘਾਟਨ ਸਮਾਰੋਹ ਵਿੱਚ ਈਸਾਪੁਰ ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਅਤੇ ਘੜੂੰਆਂ ਤੇ ਕੁਰੜੀ ਤੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।