Nabaz-e-punjab.com

ਨਾਭਾ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪੰਜਾਬ ਦੀ ਅਤਿ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਸੁਖਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੀ ਦਿਲ ਦੇ ਦੌਰੇ ਦੌਰਾਨ ਮੌਤ ਹੋ ਗਈ ਹੈ। ਐਡਵੋਕੇਟ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੁਲੀਸ ਤਸ਼ੱਦਦ ਕਾਰਨ ਉਨ੍ਹਾਂ ਦਾ ਸੱਜਾ ਗੋਡਾ ਨਿਕਲ ਜਾਂਦਾ ਸੀ। ਜਿਸ ਦਾ ਜਲਦੀ ਅਪਰੇਸ਼ਨ ਹੋਣਾ ਸੀ। ਬੀਤੀ 27 ਅਕਤੂਬਰ 2018 ਨੂੰ ਉਨ੍ਹਾਂ ਦਾ ਐੱਮਆਈਆਰ ਹੋਇਆ ਸੀ ਅਤੇ ਡਾਕਟਰਾਂ ਨੇ ਦੁਬਾਰਾ ਮਹੀਨੇ ਬਾਅਦ ਦਿਖਾਉਣ ਲਈ ਕਿਹਾ ਸੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਦੁਬਾਰਾ ਹਸਪਤਾਲ ਨਹੀਂ ਲਿਜਾਇਆ ਗਿਆ।
ਸੁਖਪ੍ਰੀਤ ਸਿੰਘ ਦੇ ਮਾਮਲੇ ਦੀ ਪੈਰਵੀ ਕਰ ਰਹੀ ਭਾਰਤੀ ਨਿਆਇਕ ਪ੍ਰਣਾਲੀ ਦੀ ਸੁਸਤ ਚਾਲ ਕਾਰਣ ਮਾਮਲੇ ਲੰਮੇ ਸਮੇਂ ਤੱਕ ਅਦਾਲਤਾਂ ਵਿੱਚ ਲਮਕਦੇ ਰਹਿੰਦੇ ਹਨ। ਬੇਕਸੂਰ ਸਿੱਖ ਨੌਜਵਾਨਾਂ ਨੂੰ ਪੁਲੀਸ ਵੱਲੋਂ ਕਾਲੇ ਕਾਨੂੰਨ ਕਥਿਤ ਗੈਰਕਾਨੂੰਨੀ ਗਤੀਵਿਧੀਆਂ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਸਾਲਾਂਬੱਧੀ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ ਮਾਮਲਿਆਂ ਸਬੰਧੀ ਨਿਆਪ੍ਰਣਾਲੀ ਵੀ ਵੱਖਰੀ ਪਹੁੰਚ ਅਪਣਾ ਕੇ ਚੱਲਦੀ ਹੈ। ਸਾਲਾਂਬੱਧੀ ਅਦਾਲਤਾਂ ਵੱਲੋਂ ਸਿੱਖ ਨੌਜਵਾਨਾਂ ਦੀਆਂ ਜ਼ਮਾਨਤਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਹਨ। ਇਹੀ ਨਹੀਂ ਖੁਸ਼ੀ-ਗਮੀ ਅਤੇ ਬਿਮਾਰੀ ਦੇ ਇਲਾਜ ਲਈ ਵੀ ਛੁੱਟੀ ਨਹੀਂ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 11 ’ਚੋਂ 5 ਬੰਦਿਆਂ ਦੀਆਂ ਜ਼ਮਾਨਤਾ ਉੱਚ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ। ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਜ਼ੁਰਮ, ਬਿਨ੍ਹਾਂ ਕਿਸੇ ਗੈਰਕਾਨੂੰਨੀ ਸਮੱਗਰੀ ਦੇ ਧਾਰਮਿਕ ਰਸਾਲਿਆਂ ਅਤੇ ਪੁਸਤਕਾਂ ਦੀ ਬਰਾਮਦਗੀ ਦਿਖਾ ਖਾਸਿਸਤਾਨ ਦੇ ਪ੍ਰਚਾਰ ਦੇ ਨਾਂ ’ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਸਿੱਖ ਰਿਲੀਫ਼ ਦੇ ਵਾਲੰਟੀਅਰ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਮੀਡੀਆ ਵਿੱਚ ਸੁਖਪ੍ਰੀਤ ਸਿੰਘ ਉੱਤੇ ਲੁੱਟਾਂ ਖੋਹਾਂ ਦੇ ਕੇਸ ਹੋਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਉਸ ਉੱਤੇ ਗੈਰਕਾਨੂੰਨੀ ਗਤੀਵਿਧੀਆਂ ਰੋਕ ਕਾਨੂੰਨ ਦਾ ਇੱਕ ਪਰਚਾ ਪੁਲੀਸ ਨੇ ਦਰਜ ਕੀਤਾ ਸੀ। ਪੁਲੀਸ ਨੇ ਸੁਖਪ੍ਰੀਤ ਸਿੰਘ ਨੂੰ 16 ਜੂਨ 2017 ਨੂੰ ਉਹਨਾਂ ਦੇ ਪਿੰਡ ਕਲਾਨੌਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਤੋਂ ਪੁਲੀਸ ਨੂੰ ਕੁੱਝ ਵੀ ਬਰਾਮਦ ਨਹੀਂ ਹੋਇਆ ਸੀ। ਸੁਖਪ੍ਰੀਤ ਬਹੁਤ ਵਧੀਆ ਅਥਲੀਟ ਅਤੇ ਕਬੱਡੀ ਦਾ ਖਿਡਾਰੀ ਸੀ। ਸੁਖਪ੍ਰੀਤ ਦੇ ਭਰਾ ਅਨੁਸਾਰ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਸਦੇ ਨਾਲ ਰਹਿਣ ਵਾਲੇ ਬੰਦੀਆਂ ਅਨੁਸਾਰ ਉਹ ਹਰ ਰੋਜ਼ ਕਸਰਤ ਕਰਦਾ ਸੀ ਅਤੇ ਕੁਵਿੰਟਲ ਦੇ ਬੈਂਚ ਪ੍ਰੈੱਸ ਲਾਉਂਦਾ ਸੀ।
ਗ੍ਰਿਫ਼ਤਾਰ ਨੌਜਵਾਨਾਂ ਵਿੱਚ ਹਰਵਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਰਣਦੀਪ ਸਿੰਘ ਵਾਸੀ ਜਿੰਦਡ ਗੁਰਦਾਸਪੁਰ ਅਤੇ ਜਰਨੈਲ ਸਿੰਘ, ਮਨਦੀਪ ਸਿੰਘ ਸੰਨ੍ਹੀ, ਸਤਨਾਮ ਸਿੰਘ ਪਿੰਡ ਦੋਦਾ, ਮੁਕਤਸਰ ਸਮੇਤ 11 ਨੌਜਵਾਨ ਸ਼ਾਮਲ ਹਨ। ਮੁਹਾਲੀ ਪੁਲੀਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ’ਤੇ ਇੱਕ ਬੀਬੀ ਸਮੇਤ 11 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜ਼ਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …