ਦਿਲ ਕੰਬਾਊਂ ਘਟਨਾ: ਮੁਹਾਲੀ ਵਿੱਚ ਨੌਜਵਾਨ ਨੂੰ ਅਗਵਾ ਕਰਕੇ ਸ਼ਰ੍ਹੇਆਮ ਉਂਗਲਾਂ ਵੱਢੀਆਂ

ਸੋਸ਼ਲ ਮੀਡੀਆ ’ਤੇ ਪੀੜਤ ਨੌਜਵਾਨ ਦੀਆਂ ਉਂਗਲਾਂ ਵੱਢੇ ਜਾਣ ਦੀ ਵੀਡੀਓ ਹੋਈ ਵਾਇਰਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਮੁਹਾਲੀ ਦੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਦੇ ਹੱਥ ਦੀਆਂ ਉਂਗਲਾਂ ਵੱਢੇ ਜਾਣ ਦਾ ਦਿਲ ਕੰਬਾਊਂ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲੀਸ ਨੇ ਅਗਵਾਕਾਰਾਂ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਪੀੜਤ ਨੌਜਵਾਨ ਹਰਦੀਪ ਉਰਫ਼ ਰਾਜੂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸਦਾ ਪਰਿਵਾਰ ਕਾਫ਼ੀ ਸਹਿਮ ਗਿਆ ਹੈ। ਇਹ ਹਾਦਸਾ ਕਈ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ ਪ੍ਰੰਤੂ ਪੀੜਤ ਨੌਜਵਾਨ ਦੀਆਂ ਉਂਗਲਾਂ ਵੱਢੇ ਜਾਣ ਦੀ ਵੀਡੀਓ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਈ ਵਿਅਕਤੀ ਦਿਖਾਈ ਦੇ ਰਹੇ ਹਨ। ਜਿਸ ਵਿੱਚ ਪੀੜਤ ਨੂੰ ਜ਼ਬਰਦਸਤੀ ਕਬਜ਼ੇ ਵਿੱਚ ਲੈ ਕੇ ਉਸਦਾ ਹੱਥ ਜ਼ਮੀਨ ’ਤੇ ਰੱਖ ਕੇ ਸ਼ਰ੍ਹੇਆਮ ਤੇਜ਼ਧਾਰ ਹਥਿਆਰ ਨਾਲ ਉਂਗਲਾਂ ਵੱਢ ਦਿੱਤੀਆਂ ਗਈਆਂ।
ਪੀੜਤ ਹਰਦੀਪ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ 2 ਵਿਅਕਤੀ ਖ਼ੁਦ ਨੂੰ ਸੀਆਈਏ ਸਟਾਫ਼ ਦੇ ਕਰਮਚਾਰੀ ਦੱਸ ਕੇ ਉਸ ਨੂੰ ਇਹ ਕਹਿ ਕੇ ਮੁਹਾਲੀ ਪਿੰਡ ਦੀ ਸਬਜ਼ੀ ਮੰਡੀ ਦੇ ਸਾਹਮਣੇ ਖੇੜੇ ਤੋਂ ਫੜ ਕੇ ਜ਼ਬਰਦਸਤੀ ਆਪਣੇ ਨਾਲ ਲੈ ਗਏ ਸਨ, ਕਿਸੇ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਕਰਨੀ ਹੈ। ਹਰਦੀਪ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਅੱਗੇ ਗੋਰੀ ਨਾਂਅ ਦਾ ਨੌਜਵਾਨ ਵੀ ਉਨ੍ਹਾਂ ਨਾਲ ਮਿਲ ਗਿਆ ਅਤੇ ਉਹ ਉਸ ਨੂੰ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ਵਿੱਚ ਲੈ ਗਏ। ਜਿੱਥੇ ਗੋਰੀ ਦੇ ਭਰਾ ਬੰਟੀ ਦਾ ਪਿਛਲੇ ਸਾਲ ਕਤਲ ਕੀਤਾ ਗਿਆ ਸੀ। ਉਸਨੇ ਹਰਦੀਪ ਨੂੰ ਕਿਹਾ ਕਿ ਉਹ ਬੰਟੀ ਦੇ ਕਾਤਲਾਂ ਬਾਰੇ ਦੱਸ ਦੇਵੇ, ਨਹੀਂ ਤਾਂ ਉਸ ਦੀ ਖੈਰ ਨਹੀਂ। ਹਰਦੀਪ ਅਨੁਸਾਰ ਉਹ ਬੰਟੀ ਦਾ ਜਾਣਕਾਰ ਸੀ ਅਤੇ ਗੋਰੀ ਨੂੰ ਇਹ ਸੰਕਾ ਸੀ ਕਿ ਬੰਟੀ ਦੇ ਕਤਲ ਵਿੱਚ ਉਸਦਾ ਰੋਲ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਕਾਬੂ ਕਰਕੇ ਉਸ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਘਰ ਪੁੱਜਾ ਅਤੇ ਫਿਰ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ। ਪੀੜਤ ਨੌਜਵਾਨ ਨੇ ਮੰਗ ਕੀਤੀ ਕਿ ਹਮਲਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਘਟਨਾ ਸਬੰਧੀ ਭਾਵੇਂ ਮੁਹਾਲੀ ਪੁਲੀਸ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਨੌਜਵਾਨ ਨੂੰ ਅਗਵਾ ਕਰਨ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ, ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਸੀ ਪ੍ਰੰਤੂ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਗੋਰੀ ਪਹਿਲਾਂ ਵੀ ਕਿਸੇ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਵਿੱਚ ਰਹਿ ਕੇ ਆਇਆ ਹੈ ਅਤੇ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…