
ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ ਆਪ ਵਿਧਾਇਕ ਦੇ ਦਫ਼ਤਰ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ
ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ, ਅਗਲੇ ਦਿਨਾਂ ਵਿੱਚ ਅੰਦੋਲਨ ਤੇਜ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ’ਤੇ 200 ਰੁਪਏ ਜਬਰੀ ਕਟੌਤੀ ਵਿਰੁੱਧ ਮੁਹਾਲੀ ਦੇ ਆਪ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ, ਕਨਵੀਨਰ ਬਾਜ ਸਿੰਘ ਖਹਿਰਾ, ਐਨਕੇ ਕਲਸੀ, ਐਨਡੀ ਤਿਵਾੜੀ, ਗੁਰਬਿੰਦਰ ਸਿੰਘ ਚੰਡੀਗੜ੍ਹ, ਗੁਰਪਿਆਰ ਸਿੰਘ ਕੋਟਲੀ ਅਤੇ ਮੰਗਤ ਰਾਮ ਨੇ ਅੱਜ ਦੇ ਪ੍ਰਦਰਸ਼ਨ ਦੀ ਅਗਵਾਈ ਕੀਤੀ।
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੋਂ 200 ਰੁਪਏ ਕਟੌਤੀ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਪੈਨਸ਼ਨਰ ਆਪਣੀਆਂ ਜਾਇਜ਼ ਮੰਗਾਂ ਲਈ ਪਹਿਲਾਂ ਹੀ ਲੜਾਈ ਦੇ ਮੈਦਾਨ ਵਿੱਚ ਹਨ ਅਤੇ ਉਹ ਆਪਣੀ 2.59 ਫੈਕਟਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੈਸਲੈਸ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਫਿਕਸ ਕੀਤਾ ਜਾਵੇ। ਉਨ੍ਹਾਂ ਆਪ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਵਾਂਗ ਮੌਜੂਦਾ ਸਰਕਾਰ ਵੀ ਮੁਲਾਜ਼ਮਾਂ ਅਤੇ ਪੈਨਸ਼ਨਰ ਵਿਰੋਧੀ ਫ਼ੈਸਲੇ ਲੈ ਕੇ ਲੋਕਤੰਤਰ ਦਾ ਘਾਣ ਕਰਨ ਦੇ ਰਾਹ ਪੈ ਗਈ ਹੈ। ਬੁਲਾਰਿਆਂ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਜਗਦੀਸ਼ ਸਿੰਘ ਸਰਾਓ, ਰਣਜੀਤ ਸਿੰਘ ਮਾਨ, ਸਿਆਮ ਲਾਲ ਸ਼ਰਮਾ, ਕੌਂਸਲਰ ਸੁੱਚਾ ਸਿੰਘ ਕਲੌੜ, ਗੁਰਬਖ਼ਸ਼ ਸਿੰਘ, ਰਾਜਿੰਦਰ ਮੋਹਨ, ਕੁਲਦੀਪ ਜਾਗਲਾ, ਰਾਮ ਕਿਸ਼ਨ ਧੁਨਕੀਆ, ਜਤਿੰਦਰ ਸਿੰਘ, ਵਿਜੈ ਕੁਮਾਰ, ਭਗਵੰਤ ਸਿੰਘ ਗਿੱਲ, ਮਲਾਗਰ ਸਿੰਘ, ਸਤਪਾਲ ਰਾਣਾ ਅਤੇ ਸਤਵੀਰ ਸਿੰਘ ਖੱਟੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।