
ਤੇਜ ਬਰਸਾਤ ਤੇ ਤੂਫ਼ਾਨ ਨੇ ਕਿਸਾਨਾਂ ਦਾ ਤੰਬੂ ਪੁੱਟਿਆਂ, ਲੜੀਵਾਰ ਧਰਨਾ 7ਵੇਂ ਦਿਨ ਵੀ ਜਾਰੀ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਰੋਡ ਸੰਘਰਸ਼ ਕਮੇਟੀ ਦੇ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਮੁਹਾਲੀ ਤੋਂ ਕੁਰਾਲੀ ਅਤੇ ਡੇਰਾਬੱਸੀ ਇਲਾਕੇ ਵਿੱਚ ਕੱਢੇ ਜਾ ਰਹੇ ਦੋ ਕੌਮੀ ਮਾਰਗਾਂ ਲਈ ਘੱਟ ਕੀਮਤ ’ਤੇ ਜ਼ਮੀਨਾਂ ਐਕਵਾਇਰ ਕਰਨ ਵਿਰੁੱਧ ਕਿਸਾਨਾਂ ਦੀ ਸਾਂਝੀ ਰੋਡ ਸੰਘਰਸ਼ ਕਮੇਟੀ ਵੱਲੋਂ ਮੁਹਾਲੀ ਦੇ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਅੱਜ 7ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਧਰ, ਲੰਘੀ ਰਾਤ ਤੇਜ ਬਰਸਾਤ ਅਤੇ ਤੂਫ਼ਾਨ ਨੇ ਕਿਸਾਨਾਂ ਦੇ ਤੰਬੂ ਪੁੱਟ ਦਿੱਤੇ ਅਤੇ ਬਿਸਤਰੇ ਵੀ ਭਿੱਜ ਗਏ। ਜਿਸ ਕਾਰਨ ਕਿਸਾਨਾਂ ਨੂੰ ਗਿੱਲੇ ਬਿਸਤਰਿਆਂ ਵਿੱਚ ਰਾਤ ਗੁਜ਼ਾਰਨੀ ਪਈ ਲੇਕਿਨ ਇਸ ਦੇ ਬਾਵਜੂਦ ਕਿਸਾਨਾਂ ਦਾ ਹੌਸਲਾ ਨਹੀਂ ਡਿੱਗਿਆ ਅਤੇ ਅੱਜ ਸਵੇਰੇ ਉੱਠ ਕੇ ਕਿਸਾਨਾਂ ਨੇ ਦੁਬਾਰਾ ਟੈਂਟ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ, ਪਰਮਦੀਪ ਸਿੰਘ ਬੈਦਵਾਨ, ਜਗਵੰਤ ਸਿੰਘ ਮਾਣਕਮਾਜਰਾ, ਨਛੱਤਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਜਸਪਾਲ ਸਿੰਘ ਨਿਆਮੀਆਂ, ਕੁਲਵੰਤ ਸਿੰਘ ਤ੍ਰਿਪੜੀ, ਗੁਰਮੁੱਖ ਸਿੰਘ ਨਿਊ ਲਾਂਡਰਾਂ, ਰਾਣਾ ਕਰਮਜੀਤ ਸਿੰਘ, ਕਰਮ ਸਿੰਘ ਕਾਰਕਰੋ, ਬੇਅੰਤ ਸਿੰਘ ਢੇਲਪੁਰ ਅਤੇ ਜਸਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਜਾਇਜ਼ ਮੰਗ ਨਹੀਂ ਮੰਨ ਲੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 30 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੇ ਸਾਰੇ ਗੇਟਾਂ ਦੀ ਤਾਲਾਬੰਦੀ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਸਬੰਧੀ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗ ਕਰਕੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।
ਉਧਰ, ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਹਿਮ ਮੀਟਿੰਗ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਧਰਨੇ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ 30 ਮਈ ਨੂੰ ਮੁਹਾਲੀ ਵਿਖੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਸਮੇਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਘਰਸ਼ ਕਮੇਟੀ ਦਾ ਸਾਥ ਦਿੱਤਾ ਜਾਵੇਗਾ। ਮੀਟਿੰਗ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਤ੍ਰਿਪੜੀ, ਲਖਵਿੰਦਰ ਸਿੰਘ ਕਰਾਲਾ, ਹਰਜੀਤ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਨ, ਹਰਦੀਪ ਸਿੰਘ, ਹਰਿੰਦਰ ਸਿੰਘ, ਹੁਕਮ ਸਿੰਘ, ਗੁਰਤੇਜ ਸਿੰਘ ਮੌਜੂਦ ਸਨ।