Nabaz-e-punjab.com

ਮੁਹਾਲੀ ਵਿੱਚ ਤੇਜ਼ ਬਾਰਸ਼ ਤੇ ਹਨੇਰੀ ਨੇ ਮਚਾਈ ਤਬਾਹੀ ਪਰ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ

ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਦੇ ਨਜ਼ਰ ਆਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸ਼ਹਿਰ ਅਤੇ ਆਸ ਪਾਸ ਇਲਾਕੇ ਵਿੱਚ ਸੋਮਵਾਰ ਨੂੰ ਬਾਅਦ ਦੁਪਹਿਰ ਅਚਾਨਕ ਭਾਰੀ ਬਾਰਸ਼ ਅਤੇ ਤੇਜ਼ ਹਨੇਰੀ ਚੱਲਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੇਜ਼ ਹਨੇਰੀ ਨੇ ਵੱਡੇ ਪੱਧਰ ’ਤੇ ਤਬਾਹੀ ਮਚਾ ਕੇ ਰੱਖ ਦਿੱਤੀ। ਮੀਂਹ ਅਤੇ ਗੜੇ ਪੈਣ ਨਾਲ ਜਿੱਥੇ ਠੰਢ ਜ਼ਿਆਦਾ ਵਧ ਗਈ ਹੈ, ਉੱਥੇ ਤੇਜ਼ ਹਨੇਰੀ ਕਾਰਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੇ ਦਰਖ਼ਤ ਟੁੱਟ ਕੇ ਘਰਾਂ ਅਤੇ ਵਾਹਨਾਂ ਉੱਤੇ ਡਿੱਗ ਪਏ ਗਏ। ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਂਜ ਇਸ ਦੌਰਾਨ ਕੋਈ ਵੱਡਾ ਦੁਖ਼ਾਂਤ ਵਾਪਰਨ ਤੋਂ ਬਚਾਅ ਰਿਹਾ। ਕਈ ਥਾਵਾਂ ’ਤੇ ਦਰਖ਼ਤ ਸੜਕ ’ਤੇ ਡਿੱਗਣ ਕਾਰਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ। ਫੇਜ਼-10 ਅਤੇ ਫੇਜ਼-11 ਵਿੱਚ ਭਾਰੀ ਦਰਖੱਤ ਟੁੱਟ ਕੇ ਬਿਜਲੀ ਸਪਲਾਈ ਲਾਈਨ ’ਤੇ ਡਿੱਗਣ ਕਾਰਨ ਸਮੁੱਚੇ ਏਰੀਆ ਵਿੱਚ ਤੁਰੰਤ ਬਿਜਲੀ ਗੁੱਲ ਹੋ ਗਈ ਅਤੇ ਪੂਰੇ ਇਲਾਕੇ ਵਿੱਚ ਹਨੇਰਾ ਛਾ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਮਾਜ ਸੇਵੀ ਆਗੂ ਨਿਰਮਲ ਸਿੰਘ ਕੰਡਾ ਨੇ ਦੱਸਿਆ ਕਿ ਅੱਜ ਮੀਂਹ ਦੇ ਨਾਲ ਤੇਜ਼ ਹਨੇਰੀ ਆਉਣ ਕਾਰਨ ਫੇਜ਼-10 ਵਿੱਚ ਹਾਊਸਫੈੱਡ ਕੰਪਲੈਕਸ ਵਿੱਚ ਕਈ ਦਰਖ਼ਤ ਟੁੱਟ ਕੇ ਵਾਹਨਾਂ ਉੱਤੇ ਡਿੱਗ ਪਏ। ਜਿਸ ਕਾਰਨ ਦੋ ਕਾਰਾਂ ਅਤੇ ਦੋ ਸਕੂਟਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇੰਝ ਹੀ ਬਿਜਲੀ ਦੀਆਂ ਨੰਗੀਆਂ ਤਾਰਾਂ ਵੀ ਟੁੱਟਣ ਕਾਰਨ ਬਿਜਲੀ ਗੁੱਲ ਹੋ ਗਈ। ਇੰਝ ਹੀ ਇੰਦਰਪਾਲ ਸਿੰਘ ਅਤੇ ਸੋਹਲ ਸਿੰਘ ਦੇ ਘਰ ਦੇ ਬਾਹਰ ਸੜਕ ਕਿਨਾਰੇ ਖੜੇ ਵੱਡੇ ਦਰਖ਼ਤ ਟੁੱਟ ਕੇ ਉਨ੍ਹਾਂ ਦੇ ਘਰਾਂ ਉੱਤੇ ਡਿੱਗ ਗਏ। ਜਿਸ ਕਾਰਨ ਦੋਵੇਂ ਮਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਅਕਾਲੀ ਕੌਂਸਲਰ ਓਪਿੰਦਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਅੱਜ ਫੇਜ਼-11 ਸਥਿਤ ਗੋਲਫ ਰੇਂਜ ਵਿੱਚ ਲੱਗਿਆ ਲਗਭਗ 40 ਫੁੱਟ ਉੱਚਾ ਭਾਰੀ ਲੋਹੇ ਦਾ ਖੰਭਾ ਟੁੱਟ ਕੇ ਸੈਕਟਰ-48ਸੀ ਦੀ ਸੜਕ ’ਤੇ ਡਿੱਗ ਗਿਆ। ਜਿਸ ਕਾਰਨ ਕਾਫੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ। ਲੋਕਾਂ ਦੀ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਨਗਰ ਲਿਗਮ ਅਤੇ ਗਮਾਡਾ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਨ ਦੀ ਥਾਂ ਇਕ ਦੂਜੇ ’ਤੇ ਗੱਲ ਸੁੱਟਦੇ ਨਜ਼ਰ ਆਏ। ਗੋਲਫ਼ ਰੇਂਜ ਦਾ ਮੈਨੇਜਰ ਵੀ ਬਾਹਰ ਨਹੀਂ ਆ ਰਿਹਾ ਹੈ। ਲੋਹੇ ਦਾ ਖੰਭਾ ਸੜਕ ਕਿਨਾਰੇ ਬਣੇ ਬੱਸ ਕਿਊ ਸ਼ੈਲਟਰ ’ਤੇ ਡਿੱਗਣ ਕਾਰਨ ਇਹ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ।
ਵਾਤਾਵਰਨ ਪ੍ਰੇਮੀ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿੱਚ ਦਰਖ਼ਤਾਂ ਦੀ ਸਹੀ ਤਰੀਕੇ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਕਾਫੀ ਇਲਾਕਿਆਂ ਵਿੱਚ ਬਹੁਤ ਪੁਰਾਣੇ ਅਤੇ ਉੱਚੇ ਲੰਮੇ ਦਰਖ਼ਤ ਖੜੇ ਹਨ। ਜਿਨ੍ਹਾਂ ਦੀ ਲੋਕਾਂ ਦੀ ਸਹੂਲਤ ਅਨੁਸਾਰ ਛੰਗਾਈ ਨਹੀਂ ਕੀਤੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ। ਤੇਜ਼ ਬਾਰਸ਼ ਅਤੇ ਹਨੇਰੀਆਂ ਚੱਲਣ ਦੌਰਾਨ ਅਕਸਰ ਦਰਖ਼ਤ ਟੁੱਟ ਕੇ ਲੋਕਾਂ ਦਾ ਨੁਕਸਾਨ ਕਰਦੇ ਹਨ। ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਹਰਪਾਲ ਸਿੰਘ ਚੰਨਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕਾਫੀ ਸਮੇਾਂ ਪਹਿਲਾਂ ਦਰਖ਼ਤਾਂ ਦੀ ਛੰਗਾਈ ਲਈ ਜਰਮਨੀ ਟਰੀ ਪਰੂਨਿੰਗ ਮਸ਼ੀਨ ਖਰੀਦਣ ਦਾ ਮਤਾ ਪਾਸ ਕੀਤਾ ਸੀ ਅਤੇ ਸਬੰਧਤ ਕੰਪਨੀ ਨੂੰ ਕੁਝ ਐਡਵਾਂਸ ਪੇਮੈਂਟ ਵੀ ਕਰ ਦਿੱਤੀ ਗਈ ਸੀ ਲੇਕਿਨ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਹੁਕਮਰਾਨਾਂ ਨੇ ਮਸ਼ੀਨ ਦੀ ਖ਼ਰੀਦ ’ਤੇ ਪਾਬੰਦੀ ਲਗਾ ਦਿੱਤੀ ਗਈ। ਜਿਸ ਕਾਰਨ ਦਰਖ਼ਤਾਂ ਦੀ ਛੰਗਾਈ ਨਹੀਂ ਹੋ ਰਹੀ ਹੈ।
ਮੁਹਾਲੀ ਏਅਰਪੋਰਟ ਸੜਕ ’ਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਪ੍ਰੋਗਰੈਸਿਵ ਪੰਜਾਬ ਦਾ ਬੋਰਡ ਟੁੱਟ ਕੇ ਸੜਕ ’ਤੇ ਡਿੱਗ ਪਿਆ ਲੇਕਿਲ ਇਸ ਦੌਰਾਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਤੇਜ ਹਨੇਰੀ ਕਾਰਨ ਫੇਜ਼-8 ਅਤੇ ਫੇਜ਼-9 ਨੂੰ ਵੰਡਣ ਵਾਲੀ ਸੜਕ ’ਤੇ ਲੱਗੀਆਂ ਟਰੈਫ਼ਿਕ ਲਾਈਟਾਂ ਦੇ ਨਾਲ ਲੱਗਾ ਵੱਡਾ ਬੋਰਡ ਟੁੱਟ ਗਿਆ। ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
(ਬਾਕਸ ਆਈਟਮ)
ਉਧਰ, ਕੜਾਕੇ ਦੀ ਠੰਢ ਅਤੇ ਤੇਜ਼ ਬਾਰਸ਼ ਨੇ ਅੱਜ ਲੋਹੜੀ ਵਾਲੇ ਦਿਨ ਆਮ ਲੋਕਾਂ ਨੂੰ ਘਰ ਅੰਦਰ ਦਬਕੇ ਰਹਿਣ ਲਈ ਮਜਬੂਰ ਕਰ ਦਿੱਤਾ। ਜਿਸ ਕਾਰਨ ਬਾਜ਼ਾਰਾਂ ਵਿੱਚ ਲੋੜੀਂਦੇ ਸਮਾਨ ਤੋਂ ਇਲਾਵਾ ਲੋਹੜੀ ਸਬੰਧੀ ਮੂੰਗਫਲੀ, ਰਿਉੜੀਆਂ, ਗੱਚਕ ਦੀ ਖ਼ਰੀਦਦਾਰੀ ਵੀ ਠੱਪ ਹੋ ਗਈ। ਪਿਛਲੇ ਕਈ ਦਿਨਾਂ ਤੋਂ ਸੜਕ ਕਿਨਾਰੇ ਖੁੱਲ੍ਹੇ ਵਿੱਚ ਮੂੰਗਫਲੀਆਂ, ਰਿਊੜੀਆਂ ਵੇਚਣ ਵਾਲਿਆਂ ਦੇ ਚਿਹਰੇ ਮੁਰਝਾ ਗਏ ਅਤੇ ਕਾਫੀ ਖਾਣ ਪੀਣ ਦਾ ਸਮਾਨ ਮੀਂਹ ਅਤੇ ਹਨੇਰੀ ਨਾਲ ਖ਼ਰਾਬ ਹੋ ਗਿਆ।
(ਬਾਕਸ ਆਈਟਮ)
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਸ਼ ਹੋਣ ਅਤੇ ਹਨੇਰੀ ਆਉਣ ਦੀਆਂ ਖ਼ਬਰਾਂ ਹਨ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਅੱਜ ਹੋਈ ਬਾਰਸ਼ ਨਾਲ ਇਹ ਭਵਿੱਖਬਾਣੀ ਸਟੀਕ ਸਾਬਤ ਹੋਈ ਹੈ। ਕਈ ਥਾਵਾਂ ’ਤੇ ਗੜ੍ਹੇਮਾਰੀ ਵੀ ਹੋਈ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਉਨ੍ਹਾਂ ਨੂੰ ਆਪਣੀਆਂ ਫਸਲਾਂ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …