
‘ਦਿਸ਼ਾ ਰੁਜ਼ਗਾਰ ਮੁਹਿੰਮ’ ਲਈ ਦਿਸ਼ਾ ਟਰੱਸਟ ਵੱਲੋਂ ਹੈਲਪਲਾਈਨ ਨੰਬਰ ਜਾਰੀ
1 ਮਾਰਚ ਤੋਂ ਪੰਜਾਬ ਭਰ ਦੇ ਪਿੰਡਾਂ ’ਚ ਲਗਾਏ ਜਾਣਗੇ ਰੁਜ਼ਗਾਰ ਮੇਲੇ
ਨੌਕਰੀਆਂ ਲੈਣ ਤੇ ਨੌਕਰੀਆਂ ਦੇਣ ਵਾਲਿਆਂ ’ਚ ਕੜੀ ਦਾ ਕੰਮ ਕਰੇਗਾ ਦਿਸ਼ਾ ਟਰੱਸਟ: ਹਰਦੀਪ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਅੌਰਤਾਂ ਦੀ ਭਲਾਈ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਨੇ ਅੌਰਤਾਂ ਨੂੰ ਆਪਣੇ ਪੈਰਾਂ ’ਤੇ ਖੜਾ ਕਰਨ ਲਈ ‘ਦਿਸ਼ਾ ਰੁਜ਼ਗਾਰ ਮੁਹਿੰਮ’ ਦੀ ਰਸਮੀ ਸ਼ੁਰੂਆਤ ਕਰਦਿਆਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਦਿਸ਼ਾ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਜਦੋਂ ਦੋ ਦਹਾਕੇ ਪਹਿਲਾਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਅਤੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਖੱਜਲਖੁਆਰ ਹੋਣਾ ਪਿਆ ਤਾਂ ਉਦੋਂ ਉਨ੍ਹਾਂ ਨੇ ਇਹ ਸੋਚਿਆ ਸੀ ਕਿ ਅੌਰਤਾਂ ਨੂੰ ਪੈਰਾਂ ’ਤੇ ਖੜਾ ਕਰਨ ਲਈ ਕੰਮ ਕੀਤਾ ਜਾਵੇਗਾ। ਜੋ ਹੁਣ ਪੂਰਾ ਹੋਣ ਜਾ ਰਿਹਾ ਹੈ। ਉਂਜ ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਦੋ ਲੋੜਵੰਦਾਂ ਨੂੰ ਨੌਕਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ 1 ਮਾਰਚ ਤੋਂ ਰੁਜ਼ਗਾਰ ਮੇਲੇ ਲਗਾਏ ਜਾਣਗੇ ਅਤੇ ਨੌਕਰੀ ਲੈਣ ਅਤੇ ਦੇਣ ਵਾਲਿਆਂ ਵਿਚਕਾਰ ਟਰੱਸਟ ਇੱਕ ਕੜੀ ਦਾ ਕੰਮ ਕਰੇਗਾ।
ਚੇਅਰਪਰਸਨ ਡਾ. ਰਿੰਮੀ ਸਿੰਗਲਾ ਅਤੇ ਮੁੱਖ ਬੁਲਾਰਾ ਆਰ ਦੀਪ ਰਮਨ ਨੇ ਕਿਹਾ ਕਿ ਅੌਰਤ ਨੂੰ ਹਮੇਸ਼ਾ ਹੀ ਸਮਾਜ ਵਿੱਚ ਵਿਚਾਰੀ ਅਤੇ ਕਮਜ਼ੋਰ ਸਮਝਿਆ ਜਾਂਦਾ ਹੈ। ਜਦਕਿ ਅੌਰਤ ਨਾ ਤਾਂ ਕਮਜ਼ੋਰ ਹੈ ਅਤੇ ਨਾ ਹੀ ਵਿਚਾਰੀ ਹੈ, ਸਗੋਂ ਅੌਰਤ ਅੰਦਰ ਇਕ ਅਥਾਹ ਸ਼ਕਤੀ ਮੌਜੂਦ ਹੈ ਪ੍ਰੰਤੂ ਜਾਗਰੂਕਤਾ ਦੀ ਘਾਟ ਕਾਰਨ ਦਿੱਕਤਾਂ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਅੌਰਤ ਆਪਣੇ ਪੈਰਾਂ ’ਤੇ ਖੜੀ ਹੁੰਦੀ ਹੈ, ਉਹ ਸਮਾਜ ਵਿੱਚ ਬਦਲਾਅ ਅਤੇ ਤਰੱਕੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਮੀਤ ਪ੍ਰਧਾਨ ਕੁਲਦੀਪ ਕੌਰ ਨੇ ਕਿਹਾ ਕਿ ਅੌਰਤਾਂ ਦਾ ਆਰਥਿਕ ਪੱਖ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ। ਦਿਸ਼ਾ ਰੁਜ਼ਗਾਰ ਮੁਹਿੰਮ ਲਈ ਹੈਲਪਲਾਈਨ ਨੰਬਰ 75268-00013 ਵੀ ਜਾਰੀ ਕੀਤਾ ਗਿਆ ਹੈ। ਜੋ ਅੌਰਤਾਂ ਨੌਕਰੀਆਂ ਲੈਣਾ ਚਾਹੁੰਦੀਆਂ ਹਨ ਜਾਂ ਜਿਨ੍ਹਾਂ ਕੰਪਨੀਆਂ ਨੂੰ ਕਰਮਚਾਰੀਆਂ ਦੀ ਲੋੜ ਹੈ, ਉਹ ਟਰੱਸਟ ਦੇ ਹੈਲਪਲਾਈਨ ਨੰਬਰ ’ਤੇ ਵਟਸਐੱਪ ਰਾਹੀਂ ਆਪਣਾ ਵੇਰਵਾ ਭੇਜ ਸਕਦੀਆਂ ਹਨ। ਇਸ ਮੌਕੇ ਟਰੱਸਟ ਦਾ ਸਲੋਗਨ ‘ਮੈਨੂੰ ਮਿਲ ਗਈ ਮੇਰੀ ਪਛਾਣ, ਨਵੀਂ ਦਿਸ਼ਾ ਨਵੀਂ ਉਡਾਣ’ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਮੈਂਬਰ ਗਗਨਦੀਪ ਕੌਰ, ਮਨਪ੍ਰੀਤ ਕੌਰ, ਉਮਾ ਰਾਵਤ ਅਤੇ ਸਿਮਰਜੀਤ ਕੌਰ ਮੌਜੂਦ ਸਨ।