
ਹੈਰੀਟੇਜ ਪਬਲਿਕ ਸਕੂਲ ਜਗਤਪੁਰਾ ਨੇ ਪਿੰਡ ਤੇ ਕਲੋਨੀ ਵਾਸੀਆਂ ਦੇ ਟੀਕਾਕਰਨ ਦਾ ਬੀੜਾ ਚੁੱਕਿਆ
ਅਧਿਆਪਕਾਵਾਂ ਵੱਲੋਂ ਦੁਕਾਨਾਂ ਤੇ ਘਰ-ਘਰ ਜਾ ਕੇ ਕਰੋਨਾ ਟੈੱਸਟ ਤੇ ਵੈਕਸੀਨ ਲਈ ਕੀਤਾ ਜਾ ਰਿਹੈ ਜਾਗਰੂਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਤਹਿਤ ਅਵਤਾਰ ਐਜੂਕੇਸ਼ਨ ਟਰੱਸਟ ਦੇ ਮੁਖੀ ਹਰਦੀਪ ਸਿੰਘ ਸੰਧੂ ਦੀ ਨਿੱਘੀ ਯਾਦ ਵਿੱਚ ਐਨਜੀਓ ਅੰਬੈਸਡਰ ਆਫ਼ ਹੋਪ ਇੰਡੋਨੇਸ਼ੀਆ ਵੱਲੋਂ ਮੁਹਾਲੀ ਪ੍ਰਸ਼ਾਸਨ ਅਤੇ ਮਿਲਟਰੀ ਅਫ਼ਸਰ ਵੈਸਟਰਨ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸਿੰਘ ਸੰਧੂ ਦੇ ਸਹਿਯੋਗ ਦਿ ਹੈਰੀਟੇਜ ਪਬਲਿਕ ਹਾਈ ਸਕੂਲ ਜਗਤਪੁਰਾ (ਮੁਹਾਲੀ) ਵੱਲੋਂ ਮੁਫ਼ਤ ਦੋ ਰੋਜ਼ਾ ਕੋਵਿਡ ਵੈਕਸੀਨ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਕਿੰਸ਼ੁਕਾ ਸੇਠੀ ਅਤੇ ਪ੍ਰਿੰਸੀਪਲ ਸ੍ਰੀਮਤੀ ਨਿਸ਼ਾ ਹਾਂਡਾ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਹਨ। ਇਸ ਦੌਰਾਨ ਟਰੱਸਟ ਵੱਲੋਂ ਪਿੰਡ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਬੀੜਾ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਪਿੰਡ ਅਤੇ ਕਲੋਨੀ ਵਾਸੀਆਂ ਨੂੰ ਇਕ ਹਜ਼ਾਰ ਟੀਕਾਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 16 ਅਧਿਆਪਕਾਵਾਂ ਇਸ ਕਾਰਜ ਵਿੱਚ ਜੁੱਟੀਆਂ ਹੋਈਆਂ ਹਨ। ਇਨ੍ਹਾਂ ’ਚੋਂ ਸੁਰਿੰਦਰ ਕੌਰ ਅਤੇ ਪੌਲਮੀ ਵੱਲੋਂ ਵਿਸ਼ੇਸ਼ ਕਾਊਂਟਰ ਲਗਾ ਕੇ ਕੋਵਿਡ ਵੈਕਸੀਨ ਲਈ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਜਦੋਂਕਿ ਨੋਡਲ ਅਫ਼ਸਰ ਨੇਹਾ ਸ਼ਰਮਾ, ਮਹਿੰਦਰ ਕੌਰ, ਵਨੀਤਾ ਕਾਲੀਆ, ਰਜ਼ਨੀ ਸ਼ਰਮਾ, ਕੁਸ਼ਮ ਸ਼ਰਮਾ ਦੁਕਾਨਾਂ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਟੈੱਸਟ ਕਰਵਾਉਣ ਅਤੇ ਵੈਕਸੀਨ ਲਗਾਉਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਪ੍ਰੰਤੂ ਜਾਗਰੂਕਤਾ ਦੀ ਘਾਟ ਹੋਣ ਕਾਰਨ ਜ਼ਿਆਦਾਤਰ ਲੋਕ ਟੈਸਟਿੰਗ ਅਤੇ ਵੈਕਸੀਨ ਲਈ ਤਿਆਰ ਨਹੀਂ ਹਨ।
ਨੋਡਲ ਅਫ਼ਸਰ ਨੇਹਾ ਸ਼ਰਮਾ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੇ ਟੀਕਾਕਰਨ ਕਰਵਾ ਲਿਆ ਤਾਂ ਉਹ ਮਰ ਜਾਣਗੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅਤੇ ਅੱਜ 200 ਵਿਅਕਤੀਆਂ ਨੂੰ ਟੀਕਾਕਰਨ ਕੀਤਾ ਗਿਆ ਹੈ ਅਤੇ ਵੈਕਸੀਨ ਮਿਲਣ ਤੋਂ ਬਾਅਦ ਫਿਰ ਤੋਂ ਕੋਵਿਡ ਵੈਕਸੀਨ ਕੈਂਪ ਲਗਾਇਆ ਜਾਵੇਗਾ।