Nabaz-e-punjab.com

ਧਰਮ ਤੇ ਵਿਰਾਸਤ ਦੇ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕਰ ਗਈ ਹੈਰੀਟੇਜ਼ ਵਾਕ

ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂਧਾਮਾਂ ਤੇ ਸ਼ਹਿਰ ਦੇ 1000 ਸਾਲ ਦੇ ਇਤਿਹਾਸ ਬਾਰੇ ਦਿੱਤੀ ਵੱਡਮੁੱਲੀ ਜਾਣਕਾਰੀ

ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ , ਸੰਸਦ ਮੈਂਬਰ, ਵਿਧਾਇਕ ਤੇ ਸੀਨੀਅਰ ਅਧਿਕਾਰੀਆਂ ਵਲੋਂ ਸ਼ਿਰਕਤ

ਸੰਗਤ ਵਲੋਂ ਥਾਂ-ਥਾਂ ਰੰਗੋਲੀਆਂ ਬਣਾਕੇ, ਫੁੱਲਾਂ ਦੀ ਵਰਖਾ ਕਰਕੇ ਜ਼ੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਸੁਲਤਾਨਪੁਰ ਲੋਧੀ 03 ਨਵੰਬਰ:
ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਆਪਣੀ ਤਰਾਂ ਦੀ ਪਹਿਲੀ ‘ਹੈਰੀਟੇਜ਼ ਵਾਕ’ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂਧਾਮਾਂ ਤੇ ਪਵਿੱਤਰ ਸ਼ਹਿਰ ਦੇ 1000 ਸਾਲ ਪੁਰਾਣੇ ਇਤਿਹਾਸ ਨਾਲ ਸਬੰਧਿਤ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕੀਤਾ। ਸ਼ਹੀਦ ਊਧਮ ਸਿੰਘ ਚੌਂਕ ਤੋਂ ਚੱਲਕੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰੂਧਾਮਾਂ ਤੇ ਹੋਰ ਇਤਿਹਾਸਕ ਸਥਾਨਾਂ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੀ ਇਹ ਵਾਕ ਇਕ ਵਿਸ਼ਾਲ ਨਗਰ ਕੀਰਤਨ ਦਾ ਰੂਪ ਧਾਰਨ ਕਰ ਗਈ। ਸੰਗਤ ਵਲੋਂ ਥਾਂ-ਥਾਂ ਰੰਗੋਲੀਆਂ ਬਣਾਕੇ, ਫੁੱਲਾਂ ਦੀ ਵਰਖਾ ਕਰਕੇ ਜ਼ੈਕਾਰਿਆਂ ਦੀ ਗੂੰਜ ਵਿਚ ਹੈਰੀਟੇਜ਼ ਵਾਕ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਰੂਟ ਉੱਪਰ ਪੈਂਦੇ ਹਰ ਚੌਂਕ ਵਿਚ ਲੰਗਰ ਦੀ ਵਿਵਸਥਾ ਵੀ ਕੀਤੀ ਗਈ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪਟਿਆਲਾ ਫਾਊਂਡੇਸ਼ਨ ਵਲੋਂ ਕਰਵਾਈ ਗਈ ਵਾਕ ਸਵੇਰੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਪੂਰੀ ਗਰਮਜ਼ੋਸ਼ੀ ਨਾਲ ਸ਼ੁਰੂ ਹੋਈ। ਇਸ ਹੈਰੀਟੇਜ਼ ਵਾਕ ਦੀ ਅਗਵਾਈ ਮੁੱਖ ਮੰਤਰੀ ਤੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕੀਤੀ। ਜਿੱਥੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਿਧਾਇਕ ਨਵਤੇਜ ਸਿੰਘ ਚੀਮਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਨਿੰਦਿੱਤਾ ਮਿੱਤਰਾ, ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ, ਆਈ.ਜੀ. ਨੌਨਿਹਾਲ ਸਿੰਘ ਨੇ ਵੀ ਸ਼ਿਰਕਤ ਕੀਤੀ ਉੱਥੇ ਹੀ ਪਟਿਆਲਾ ਫਾਊਂਡੇਸ਼ਨ ਦੇ 300 ਦੇ ਕਰੀਬ ਵਲੰਟੀਅਰਾਂ ਤੇ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਨੇ ਹੈਰੀਟੇਜ਼ ਵਾਕ ਵਿਚ ਵੱਧ ਚੜਕੇ ਹਿੱਸਾ ਲਿਆ। ਵਰਦੀਆਂ ਵਿਚ ਸਜੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਵਾਕ ਦੌਰਾਨ ਖਿੱਚ ਦਾ ਖਾਸ ਕੇਂਦਰ ਸਨ।
ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਅਸਥਾਨਾਂ ,ਸ਼ਹਿਰ ਦੇ 1000 ਸਾਲਾਂ ਦੇ ਇਤਿਹਾਸਿਕ ਪਹਿਲੂਆਂ ਤੇ ਬੋਧੀਆਂ ਦੇ ਸਿੱਖਿਆ ਕੇਂਦਰ ਵਜੋਂ ਵਿਕਸਤ ਹੋਣ ਬਾਰੇ ਪਟਿਆਲਾ ਫਾਊਂਡੇਸ਼ਨ ਦੇ ਚੇਅਰਮੈਨ ਰਵੀ ਆਹਲੂਵਾਲੀਆ ਨੇ ਜਾਣਕਾਰੀ ਦਿੱਤੀ। ਇਹ ਵਾਕ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਕੋਠੜੀ ਸਾਹਿਬ, ਭਾਰਾਮੱਲ ਮੰਦਿਰ ਪੁਰਾਣਾ ਘਰ ਗੁਰਦੁਆਰਾ ਬੇਬੇ ਨਾਨਕੀ, ਗੁਰਦੁਆਰਾ ਹੱਟ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਈ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਅਪਣਾ ਜੀਵਨ ਸਫ਼ਲਾ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਸੰਦੇਸ਼ ਅਨੁਸਾਰ ਵਾਤਾਵਰਣ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਵਿਰਾਸਤੀ ਸੈਰ ਸਾਨੂੰ ਧਰਮ ਤੇ ਸੰਸਕ੍ਰਿਤੀ ਨਾਲ ਜੋੜਦੀ ਹੈ।
ਵਿਰਾਸਤੀ ਯਾਤਰਾ ਦਾ ਮਾਡਲ ਟਾਊਨ, ਨਿਊ ਮਾਡਲ ਟਾਊਨ ,ਮੁਹੱਲਾ ਹਕੀਮਾਂ ,ਮੁਹੱਲਾ ਗੁਰੂ ਕਾ ਬਾਗ ,ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ,ਲਾਲਾਂ ਵਾਲਾ ਪੀਰ ਵਿਖੇ ਪੂਰੀ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਡਿਪਟੀ ਪੁਲਿਸ ਕਮਿਸ਼ਨਰ ਰਜਿੰਦਰ ਸਿੰਘ, ਐਸ.ਐਸ.ਪੀ.ਸਤਿੰਦਰ ਸਿੰਘ, ਏ.ਡੀ.ਸੀ.(ਵਿਕਾਸ) ਅਵਤਾਰ ਸਿੰਘ ਭੁੱਲਰ, ਏ.ਡੀ.ਸੀ. (ਜਨਰਲ) ਰਾਹੁਲ ਚਾਬਾ, ਸ੍ਰੀਮਤੀ ਜਸਪਾਲ ਕੌਰ ਚੀਮਾ ਡੈਲੀਗੇਟ ਆਲ ਇੰਡੀਆ ਕਾਂਗਰਸ, ਐਸ.ਪੀ.ਤੇਜਬੀਰ ਸਿੰਘ ਹੁੰਦਲ, ਐਸ.ਪੀ.ਮਨਦੀਪ ਸਿੰਘ, ਐਸ.ਪੀ.ਮੁਕੇਸ਼ ਕੁਮਾਰ, ਐਸ.ਡੀ.ਐਮ.ਡਾ.ਚਾਰੂਮਿਤਾ, ਐਸ.ਡੀ.ਐਮ.(ਮੇਲਾ) ਨਵਨੀਤ ਕੌਰ ਬੱਲ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ,ਸਹਾਇਕ ਕਮਿਸ਼ਨਰ ਸਿਖ਼ਾ ਭਗਤ, ਡੀ.ਐਫ.ਐਸ.ਸੀ.ਸਰਤਾਜ ਸਿੰਘ ਚੀਮਾ, ਏ.ਐਸ.ਐਮ.ਓ. ਹਰਵਿੰਦਰ ਸਿੰਘ, ਡੀ.ਐਸ.ਪੀ.ਸਰਵਨ ਸਿੰਘ ਬੱਲ, ਡੀ.ਐਸ.ਪੀ. (ਮੇਲਾ) ਵਿਸ਼ਾਲਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…