Share on Facebook Share on Twitter Share on Google+ Share on Pinterest Share on Linkedin ਹੈਰੋਇਨ ਤਸਕਰੀ ਮਾਮਲਾ: ਮੁਲਜ਼ਮ ਅਜੈ ਗੁਪਤਾ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਟਲੀ ਮੁਲਜ਼ਮ ਦੇ ਵਕੀਲ ਨੇ ਲੂਣ ਦਾ ਵਪਾਰੀ ਹੋਣ ਸਬੰਧੀ ਪੇਸ਼ ਕੀਤੇ ਕਈ ਦਸਤਾਵੇਜ਼, ਐਨਆਈਏ ਦੀ ਟੀਮ ਨੇ ਕੀਤਾ ਵਿਰੋਧ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ: ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਮੁਲਜ਼ਮ ਅਜੈ ਕੁਮਾਰ ਗੁਪਤਾ ਵਾਸੀ ਅੰਮ੍ਰਿਤਸਰ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 25 ਨਵੰਬਰ ਨੂੰ ਟਲ ਗਈ ਹੈ। ਅਦਾਲਤ ਨੇ ਐਨਆਈਏ ਨੂੰ ਦਸਤਾਵੇਜ਼ਾਂ ਦੀ ਪੜਤਾਲ ਦੀ ਮੋਹਲਤ ਦਿੰਦਿਆਂ ਅਗਲੀ ਤਰੀਕ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਮੁਲਜ਼ਮ ਨੇ ਆਪਣੇ ਵਕੀਲ ਅਮਰਜੀਤ ਸਿੰਘ ਲੌਂਗੀਆਂ ਰਾਹੀਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅੱਜ ਇਸ ਅਰਜ਼ੀ ’ਤੇ ਸੁਣਵਾਈ ਮੌਕੇ ਬਚਾਅ ਪੱਖ ਨੇ ਕਈ ਦਸਤਾਵੇਜ਼ ਪੇਸ਼ ਕੀਤੇ ਗਏ। ਐਨਆਈਏ ਨੇ ਜ਼ਮਾਨਤ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਅਜੈ ਗੁਪਤਾ ਨੇ ਪਾਕਿਸਤਾਨ ਦੀ ਜਿਸ ਕੰਪਨੀ ਰਾਹੀਂ ਲੂਣ ਦਾ ਵਪਾਰ ਕਰ ਰਿਹਾ ਸੀ, ਉਸ ਨੂੰ ਪੈਸਿਆਂ ਦੀ ਕੋਈ ਅਦਾਇਗੀ ਨਹੀਂ ਕੀਤੀ। ਇਸ ਸਬੰਧੀ ਬਚਾਅ ਪੱਖ ਨੇ ਇੰਡੀਅਨ ਓਵਰਸੀਜ਼ ਬੈਂਕ ਅੰਮ੍ਰਿਤਸਰ ਦੀ ਤਸਦੀਕਸ਼ੁਦਾ ਕਾਪੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਬੈਂਕ ਸਟੇਟਮੈਂਟ ਵਿੱਚ ਦੱਸਿਆ ਗਿਆ ਹੈ ਕਿ ਅਜੈ ਗੁਪਤਾ ਵੱਲੋਂ ਪਾਕਿਸਤਾਨ ਦੀ ਲਾਹੌਰ ਸਥਿਤ ਐਲਮੈਕਸ ਜਰਨਲ ਟਰੇਡਿੰਗ ਕੰਪਨੀ ਅਤੇ ਗਲੋਬਲ ਵਿਜ਼ਨ ਇੰਮਪੈਕਸ ਦੇ ਖਾਤੇ ਵਿੱਚ 4 ਵਾਰ 2070, 1800, 2700 ਅਤੇ 5400 ਡਾਲਰ ਜਮ੍ਹਾਂ ਕਰਵਾਏ ਗਏ ਸਨ। ਅਦਾਲਤ ਦੇ ਹੁਕਮਾਂ ’ਤੇ ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਐਨਆਈਏ ਨੂੰ ਵੀ ਦਿੱਤੀਆਂ ਗਈਆਂ। ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਵੱਲੋਂ ਆਪਣੇ ਵਕੀਲ ਰਾਹੀਂ ਜਿਹੜੇ ਦਸਤਾਵੇਜ਼ ਦਿੱਤੇ ਗਏ ਹਨ, ਉਨ੍ਹਾਂ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਐਨਆਈਏ ਅਨੁਸਾਰ ਮੁਲਜ਼ਮ ਲੂਣ ਦਾ ਵਪਾਰੀ ਨਹੀਂ ਹੈ ਸਗੋਂ ਨਸ਼ਾ ਤਸਕਰੀ ਮਾਮਲੇ ਵਿੱਚ ਸ਼ਾਮਲ ਹੈ। ਉਸ ਨੂੰ ਬਿਨਾਂ ਆਰਡਰ ਦਿੱਤੇ ਪਾਕਿਸਤਾਨ ਤੋਂ ਲੂਣ ਦੀ ਸਪਲਾਈ ਵੀ ਆਈ ਅਤੇ ਖਾਤੇ ਵਿੱਚ ਪੈਸੇ ਵੀ ਟਰਾਂਸਫਰ ਹੋਏ ਹਨ। ਬਚਾਅ ਪੱਖ ਵਕੀਲ ਅਮਰਜੀਤ ਸਿੰਘ ਲੌਂਗੀਆਂ ਨੇ ਐਨਆਈਏ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਸ ਮਾਮਲੇ ਸਬੰਧੀ ਦਰਜ ਕੇਸ ਵਿੱਚ ਅਜੈ ਗੁਪਤਾ ਦਾ ਸਿੱਧੇ ਤੌਰ ’ਤੇ ਕਿਤੇ ਵੀ ਨਾਮ ਸਾਹਮਣੇ ਨਹੀਂ ਆਇਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਵੀ ਨਹੀਂ ਹੋਈ ਹੈ। ਉਹ ਪਿਛਲੇ ਕਰੀਬ 4 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਅਜੈ ਗੁਪਤਾ ਦੀ ਜ਼ਮਾਨਤ ਅਰਜ਼ੀ ’ਤੇ 25 ਨਵੰਬਰ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ