
ਹੈਰੋਇਨ ਤਸਕਰੀ ਮਾਮਲਾ: ਐਨਆਈਏ ਵੱਲੋਂ 10 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼
ਮੁਲਜ਼ਮ ਸਰਹੱਦੋਂ ਪਾਰ ਤੋਂ ਲੂਣ ਦੀ ਸਪਲਾਈ ਦੀ ਆੜ ਵਿੱਚ ਲਿਆਉਂਦੇ ਸੀ ਨਸ਼ੀਲੇ ਪਦਾਰਥ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਅੰਮ੍ਰਿਤਸਰ ਦੇ 532 ਕਿੱਲੋ ਬਹੁ-ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਅੱਜ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ 10 ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ। ਇਹ ਕੇਸ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਲਾਲ ਅਹਿਮਦ ਅਤੇ ਰਣਜੀਤ ਸਿੰਘ ਚੀਤਾ ਸਮੇਤ ਬਿਕਰਮ ਸਿੰਘ, ਅਮਰਜੀਤ ਸਿੰਘ, ਜਸਵੰਤ ਸਿੰਘ, ਗਗਨ, ਇਕਬਾਲ ਸਿੰਘ, ਜਾਫ਼ਰ ਭੱਟ, ਜਸਵੀਰ ਸਿੰਘ ਉਰਫ਼ ਜੱਸਾ ਅਤੇ ਗੁਰਸ਼ਰਨ ਸਿੰਘ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ 5836 ਕਿੱਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਦੋ ਕਸ਼ਮੀਰੀ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 2700 ਕਰੋੜ ਰੁਪਏ ਦੱਸੀ ਗਈ ਹੈ। ਏਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਇਕ ਟਰੱਕ ਵਿੱਚ ਬੈਗਾਂ ਦੇ ਥੱਲੇ ਛੁਪਾ ਕੇ ਰੱਖੇ ਹੋਏ ਸੀ। ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੀਤੀ 29 ਜੂਨ ਨੂੰ ਉਸ ਸਮੇਂ ਆਪਣੀ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਅਟਾਰੀ ਬਾਰਡਰ ਦੇ ਰਾਹੀਂ ਟਰੱਕ ਵਿੱਚ ਸਮਾਨ ਲੈ ਕੇ ਪੰਜਾਬ ਆ ਰਿਹਾ ਸੀ ਅਤੇ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸੀ। ਪੁੱਛਗਿੱਛ ਦੌਰਾਨ ਗੁਰਪਿੰਦਰ ਦੀ ਨਿਸ਼ਾਨਦੇਹੀ ’ਤੇ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਧਰ, ਐਨਆਈਏ ਵੱਲੋਂ ਇਸ ਮਾਮਲੇ ਵਿੱਚ ਤਾਰਿਕ ਅਹਿਮਦ, ਨਿਰਭੈਲ ਸਿੰਘ, ਸੰਦੀਪ ਕੌਰ, ਸੀਏ ਅਜੈ ਗੁਪਤਾ, ਫਾਰੂਕ ਲੋਨ, ਸਾਹਿਲ ਅਹਿਮਦ ਲੋਨ, ਸਾਹਿਬ ਨੂਰ ਅਤੇ ਅਮੀਰ ਨੂਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ’ਚੋਂ ਸੀਏ ਅਜੈ ਗੁਪਤਾ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ ਜਦੋਂਕਿ ਬਾਕੀ ਮੁਲਜ਼ਮ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ। ਦੱਸਿਆ ਗਿਆ ਹੈ ਕਿ ਇਸ ਮਾਮਲੇ ਲੋੜੀਂਦੇ ਕਈ ਮੁਲਜ਼ਮ ਹਾਲੇ ਐਨਆਈਏ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਕ ਮੁਲਜ਼ਮ ਦੀ ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਨਿਆਇਕ ਹਿਰਾਸਤ ਅਧੀਨ ਮੌਤ ਹੋ ਚੁੱਕੀ ਹੈ। ਇਸ ਮਾਮਲੇ ਲੋੜੀਂਦੇ ਮੁੱਖ ਮੁਲਜ਼ਮ ਰਣਜੀਤ ਰਾਣਾ ਕਾਫੀ ਸਮੇਂ ਤੋਂ ਫਰਾਰ ਚੱਲਿਆ ਆ ਰਿਹਾ ਸੀ। ਜਿਸ ਨੂੰ ਪਿੱਛੇ ਜਿਹੇ ਹਰਿਆਣਾ ਪੁਲੀਸ ਦੇ ਸਹਿਯੋਗ ਨਾਲ ਕਾਬੂ ਕੀਤਾ ਗਿਆ ਸੀ। ਪਹਿਲਾਂ ਇਹ ਮਾਮਲਾ ਪੰਜਾਬ ਪੁਲੀਸ ਕੋਲ ਸੀ ਅਤੇ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਅੰਮ੍ਰਿਤਸਰ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਪਾਕਿਤਸਾਨ ਨਾਲ ਤਾਰ ਜੁੜੇ ਹੋਣ ਕਾਰਨ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ।