nabaz-e-punjab.com

ਹੈਰੋਇਨ ਤਸਕਰੀ ਮਾਮਲਾ: ਲੂਣ ਦੇ ਵਪਾਰੀ ਮੁਲਜ਼ਮ ਅਜੈ ਗੁਪਤਾ ਦੀ ਜ਼ਮਾਨਤ ਮਨਜ਼ੂਰ

ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਐਨਆਈਏ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਤਿੱਖੀ ਬਹਿਸ

ਮੁਹਾਲੀ ਅਦਾਲਤ ਦੇ ਤਾਜ਼ਾ ਫੈਸਲੇ ਨੂੰ ਚੁਣੌਤੀ ਹਾਈ ਕੋਰਟ ਵਿੱਚ ਦੇਵੇਗੀ ਐਨਆਈਏ ਦੀ ਜਾਂਚ ਟੀਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਲੂਣ ਦੇ ਵਪਾਰੀ ਮੁਲਜ਼ਮ ਅਜੈ ਕੁਮਾਰ ਗੁਪਤਾ ਵਾਸੀ ਅੰਮ੍ਰਿਤਸਰ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਲਈ ਹੈ। ਮੁਲਜ਼ਮ ਨੇ ਆਪਣੇ ਵਕੀਲ ਅਮਰਜੀਤ ਸਿੰਘ ਲੌਂਗੀਆਂ ਅਤੇ ਜਸਪਾਲ ਸਿੰਘ ਮੰਝਪੁਰ ਦੇ ਰਾਹੀਂ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਬਚਾਅ ਪੱਖ ਨੇ ਪੈਸਿਆਂ ਦੇ ਲੈਣ ਦੇਣ ਸਬੰਧੀ ਬੈਂਕ ਦੀ ਸਟੇਟ ਅਤੇ ਹੋਰ ਕਈ ਅਹਿਮ ਦਸਤਾਵੇਜ਼ ਪੇਸ਼ ਕੀਤੇ ਗਏ। ਐਨਆਈਏ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਤਿੱਖੀ ਬਹਿਸ ਹੋਈ।
ਐਨਆਈਏ ਦੇ ਸੀਨੀਅਰ ਪਬਲਿਕ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਜ਼ਮਾਨਤ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਅਜੈ ਗੁਪਤਾ ਵੱਲੋਂ ਪੇਸ਼ ਕੀਤੇ ਦਸਤਾਵੇਜ਼ ਜਾਅਲੀ ਹਨ। ਉਨ੍ਹਾਂ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਐਨਆਈਏ ਅਨੁਸਾਰ ਮੁਲਜ਼ਮ ਪਾਕਿਸਤਾਨ ਦੀ ਜਿਸ ਕੰਪਨੀ ਰਾਹੀਂ ਲੂਣ ਦਾ ਵਪਾਰ ਕਰ ਰਿਹਾ ਸੀ, ਉਸ ਨੂੰ ਪੈਸਿਆਂ ਦੀ ਕੋਈ ਅਦਾਇਗੀ ਨਹੀਂ ਕੀਤੀ। ਇਹੀ ਨਹੀਂ ਮੌਜੂਦਾ ਸਮੇਂ ਵਿੱਚ ਸਬੰਧਤ ਕੰਪਨੀ ਹੋਂਦ ਵਿੱਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਲੂਣ ਦਾ ਵਪਾਰੀ ਨਹੀਂ ਹੈ ਸਗੋਂ ਨਸ਼ਾ ਤਸਕਰੀ ਮਾਮਲੇ ਵਿੱਚ ਸ਼ਾਮਲ ਹੈ। ਉਸ ਨੂੰ ਬਿਨਾਂ ਆਰਡਰ ਦਿੱਤੇ ਪਾਕਿਸਤਾਨ ਤੋਂ ਲੂਣ ਦੀ ਸਪਲਾਈ ਵੀ ਆ ਗਈ ਅਤੇ ਖਾਤੇ ਵਿੱਚ ਪੈਸੇ ਵੀ ਟਰਾਂਸਫਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਚਿੱਟੇ ਦੀ ਕਾਲਾ ਬਾਜ਼ਾਰੀ ਯੋਜਨਾਬੱਧ ਤਰੀਕੇ ਨਾਲ ਲੇਪਰੇ ਚਾੜ੍ਹੀ ਜਾ ਰਹੀ ਸੀ।
ਇਸ ਸਬੰਧੀ ਬਚਾਅ ਪੱਖ ਨੇ ਇੰਡੀਅਨ ਓਵਰਸੀਜ਼ ਬੈਂਕ ਦੀ ਤਸਦੀਕਸ਼ੁਦਾ ਕਾਪੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਬੈਂਕ ਸਟੇਟਮੈਂਟ ਵਿੱਚ ਦੱਸਿਆ ਗਿਆ ਹੈ ਕਿ ਅਜੈ ਗੁਪਤਾ ਵੱਲੋਂ ਪਾਕਿਸਤਾਨ ਦੀ ਲਾਹੌਰ ਸਥਿਤ ਐਲਮੈਕਸ ਜਰਨਲ ਟਰੇਡਿੰਗ ਕੰਪਨੀ ਅਤੇ ਗਲੋਬਲ ਵਿਜ਼ਨ ਇੰਮਪੈਕਸ ਦੇ ਖਾਤੇ ਵਿੱਚ 4 ਵਾਰ 2070, 1800, 2700 ਅਤੇ 5400 ਡਾਲਰ ਜਮ੍ਹਾਂ ਕਰਵਾਏ ਗਏ ਸਨ।
ਬਚਾਅ ਪੱਖ ਵਕੀਲ ਅਮਰਜੀਤ ਸਿੰਘ ਲੌਂਗੀਆਂ ਨੇ ਐਨਆਈਏ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਸ ਮਾਮਲੇ ਸਬੰਧੀ ਦਰਜ ਕੇਸ ਵਿੱਚ ਅਜੈ ਗੁਪਤਾ ਦਾ ਸਿੱਧੇ ਤੌਰ ’ਤੇ ਕਿਤੇ ਵੀ ਨਾਮ ਸਾਹਮਣੇ ਨਹੀਂ ਆਇਆ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਵੀ ਨਹੀਂ ਹੋਈ ਹੈ। ਉਹ ਪਿਛਲੇ ਕਰੀਬ 4 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਅਜੈ ਗੁਪਤਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਮੁਲਜ਼ਮਾਂ ਦੀ ਤਰਫ਼ੋਂ ਪੰਜ ਲੱਖ ਰੁਪਏ ਦਾ ਨਿੱਜੀ ਅਤੇ ਗਰੰਟੀ ਬਾਂਡ ਭਰਿਆ ਜਾਵੇਗਾ। ਇਸ ਤੋਂ ਬਾਅਦ ਮੁਲਜ਼ਮ ਨੂੰ ਰਿਹਾਅ ਕਰਨ ਲਈ ਜੇਲ੍ਹ ਸੁਪਰਡੈਂਟ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ।
(ਬਾਕਸ ਆਈਟਮ)
ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਅਦਾਲਤ ਦੇ ਫੈਸਲੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ 532 ਕਿੱਲੋ (2600 ਕਰੋੜ) ਹੈਰੋਇਨ ਤਸਕਰੀ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਮੁਲਜ਼ਮ ਨੂੰ ਬੜੀ ਅਸਾਨੀ ਨਾਲ ਜ਼ਮਾਨਤ ਦੇ ਦਿੱਤੀ ਹੈ ਜਦੋਂਕਿ ਇਕ ਕਿੱਲੋ\ਅੱਧਾ ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਮੁਲਜ਼ਮ ਨੂੰ ਜ਼ਮਾਨਤ ਲੈਣ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਅਦਾਲਤ ਦੇ ਤਾਜ਼ਾ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮ ਕੁਝ ਸਮਾਂ ਹੋਰ ਜੇਲ੍ਹ ਵਿੱਚ ਰਹਿ ਜਾਂਦਾ ਤਾਂ ਸਰਹੱਦੋਂ ਪਾਰ ਹੁੰਦੀ ਹੈਰੋਇਨ ਤਸਕਰੀ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …